ਬੌਰਨਵੀਟਾ ਸਣੇ ਹੋਰ ਪੇਅ ਪਦਾਰਥ ‘ਹੈੱਲਥ ਡਰਿੰਕਸ’ ਵਰਗ ’ਚੋਂ ਹਟਾਉਣ ਦੀ ਹਦਾਇਤ
ਨਵੀਂ ਦਿੱਲੀ: ਸਰਕਾਰ ਨੇ ਸਾਰੀਆਂ ਈ-ਕਾਮਰਸ ਕੰਪਨੀਆਂ ਨੂੰ ਆਪਣੇ ਪੋਰਟਲਾਂ ਤੋਂ ਬੌਰਨਵੀਟਾ ਸਣੇ ਹੋਰ ਡਰਿੰਕਸ ਤੇ ਪੇਅ ਪਦਾਰਥ ‘ਹੈੱਲਥ ਡਰਿੰਕਸ’ ਵਰਗ ਵਿਚੋਂ ਹਟਾਉਣ ਦੀ ਹਦਾਇਤ ਕੀਤੀ ਹੈ। ਵਣਜ ਤੇ ਸਨਅਤ ਮੰਤਰਾਲੇ ਨੇ ਸਾਰੀਆਂ ਈ-ਕਾਮਰਸ ਕੰਪਨੀਆਂ ਨੂੰ ਜਾਰੀ ਐਡਵਾਈਜ਼ਰੀ ਵਿਚ ਕਿਹਾ, ‘‘ਬਾਲ ਹੱਕਾਂ ਦੀ ਸੁਰੱਖਿਆ ਬਾਰੇ ਕੌਮੀ ਕਮਿਸ਼ਨ (ਐੱਨਸੀਪੀਸੀਆਰ), ਜੋ ਬਾਲ ਹੱਕਾਂ ਦੀ ਸੁਰੱਖਿਆ ਬਾਰੇ ਕਮਿਸ਼ਨ (ਸੀਪੀਸੀਆਰ) ਐਕਟ 2005 ਦੀ ਧਾਰਾ (3) ਤਹਿਤ ਗਠਿਤ ਸੰਵਿਧਾਨਕ ਸੰਸਥਾ ਹੈ, ਨੇ ਸੀਆਰਪੀਸੀ ਐਕਟ 2005 ਦੀ ਧਾਰਾ 14 ਤਹਿਤ ਕੀਤੀ ਪੜਤਾਲ ਵਿੱਚ ਇਹ ਸਿੱਟਾ ਕੱਢਿਆ ਹੈ ਕਿ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਿਟੀ ਆਫ਼ ਇੰਡੀਆ (ਐੱਫਐੱਸਐੱਸਏਆਈ) ਤੇ ਮੋਂਡੇਲੇਜ਼ ਇੰਡੀਆ ਫੂਡ ਪ੍ਰਾਈਵੇਟ ਲਿਮਟਿਡ ਵੱਲੋਂ ਜਾਰੀ ਐੱਫਐੱਸਐੱਸ ਐਕਟ 2006 ਦੇ ਨੇਮਾਂ ਤੇ ਦਿਸ਼ਾ ਨਿਰਦੇਸ਼ਾਂ ਵਿਚ ‘ਹੈੱਲਥ ਡਰਿੰਕ’ ਦੀ ਕੋਈ ਪਰਿਭਾਸ਼ਾ ਨਹੀਂ ਹੈ।’’ ਸਰਕਾਰ ਨੇ ਉਪਰੋਕਤ ਹੁਕਮ 10 ਅਪਰੈਲ ਨੂੰ ਜਾਰੀ ਕੀਤੇ ਹਨ। ਹੁਕਮਾਂ ਵਿਚ ਸਾਰੀਆਂ ਈ-ਕਮਰਸ ਕੰਪਨੀਆਂ/ਪੋਰਟਲਾਂ ਨੂੰ ਬੌਰਨਵੀਟਾ ਸਣੇ ਸਾਰੇ ਡਰਿੰਕਸ ਤੇ ਬੈਵਰਿਜਿਜ਼ ਨੂੰ ਆਪਣੇ ਪਲੈਟਫਾਰਮਾਂ/ਸਾਈਟਾਂ ਤੋਂ ਹੈੱਲਥ ਡਰਿੰਕਸ ਵਰਗ ਵਿਚੋਂ ਹਟਾਉਣ ਲਈ ਕਿਹਾ ਹੈ। ਇਸ ਤੋਂ ਪਹਿਲਾਂ ਫੂਡ ਸੇਫਟੀ ਸਟੈਂਡਰਡਜ਼ ਰੈਗੂਲੇਟਰ ਐੱਫਐੱਸਐੱਸਏਆਈ ਨੇ 2 ਅਪਰੈਲ ਨੂੰ ਜਾਰੀ ਹਦਾਇਤਾਂ ਵਿਚ ਸਾਰੇ ਈ-ਕਾਮਰਸ ਫੂਡ ਬਿਜ਼ਨਸ ਅਪਰੇਟਰਾਂ (ਐੱਫਬੀਓ’ਜ਼) ਨੂੰ ਆਪਣੀਆਂ ਵੈੱਬਸਾਈਟਾਂ ’ਤੇ ਵੇਚੇ ਜਾਣ ਵਾਲੇ ਖੁਰਾਕੀ ਉਤਪਾਦਾਂ ਦਾ ਢੁੱਕਵਾਂ ਵਰਗੀਕਰਨ ਯਕੀਨੀ ਬਣਾਉਣ ਲਈ ਕਿਹਾ ਸੀ। ਐੱਫਐੱਸਐੱਸਏਆਈ ਦੇ ਧਿਆਨ ਵਿਚ ਆਇਆ ਸੀ ਕਿ ਕਈ ਖੁਰਾਕੀ ਉਤਪਾਦ ਜੋ ‘ਪ੍ਰੋਪਰਾਇਟਰੀ ਫੂਡ’ ਅਧੀਨ ਲਾਇਸੈਂਸਡ ਹਨ, ਜਿਨ੍ਹਾਂ ਵਿਚ ਡੇਅਰੀ ਆਧਾਰਿਤ ਬੈਵਰਿਜ ਮਿਕਸ ਜਾਂ ਅੰਨ ਅਧਾਰਿਤ ਬੈਵਰਿਜ ਮਿਕਸ ਜਾਂ ਮਾਲਟ ਅਧਾਰਿਤ ਬੈਵਰਿਜ ਸ਼ਾਮਲ ਹਨ, ਈ-ਕਾਮਰਸ ਵੈੱਬਸਾਈਟਾਂ ’ਤੇ ਹੈੱਲਥ ਡਰਿੰਕ, ਐਨਰਜੀ ਡਰਿੰਕ ਆਦਿ ਵਰਗ ਵਿਚ ਵੇਚੇ ਜਾ ਰਹੇ ਹਨ। -ਪੀਟੀਆਈ