For the best experience, open
https://m.punjabitribuneonline.com
on your mobile browser.
Advertisement

ਕਾਲੀ ਵੇਈਂ ਵਿੱਚ 350 ਕਿਊਸਿਕ ਪਾਣੀ ਛੱਡਣ ਦੀਆਂ ਹਦਾਇਤਾਂ

08:52 AM Apr 04, 2024 IST
ਕਾਲੀ ਵੇਈਂ ਵਿੱਚ 350 ਕਿਊਸਿਕ ਪਾਣੀ ਛੱਡਣ ਦੀਆਂ ਹਦਾਇਤਾਂ
ਪਵਿੱਤਰ ਵੇਈਂ ਵਿੱਚੋਂ ਬੂਟੀ ਕੱਢਦੇ ਹੋਏ ਸੰਤ ਬਲਬੀਰ ਸਿੰਘ ਸੀਚੇਵਾਲ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਪਾਲ ਸਿੰਘ ਨੌਲੀ
ਜਲੰਧਰ, 3 ਅਪਰੈਲ
ਪਵਿੱਤਰ ਕਾਲੀ ਵੇਈਂ ’ਤੇ ਵਿਸਾਖੀ ਮਨਾਉਣ ਦੇ ਮੱਦੇਨਜ਼ਰ ਮੁਕੇਰੀਆਂ ਹਾਈਡਲ ਚੈਨਲ ਤੋਂ 350 ਕਿਊਸਿਕ ਪਾਣੀ ਛੱਡਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਵੱਲੋਂ ਜਲ ਸਰੋਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਦੀ ਮੁੱਖ ਅਧਿਕਾਰੀ ਸੁਰਭੀ ਮਲਿਕ ਨੂੰ ਸਪੱਸ਼ਟ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਪਵਿੱਤਰ ਵੇਈਂ ਵਿੱਚ 350 ਕਿਊਸਿਕ ਪਾਣੀ ਛੱਡਣਾ ਯਕੀਨੀ ਬਣਾਇਆ ਜਾਵੇ ਕਿਉਂਕਿ ਅਪਰੈਲ 2015, 2017 ਅਤੇ 2021 ਵਿੱਚ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਨੇੜੇ ਅਤੇ ਵੇਈਂ ਦੇ ਹੋਰ ਹਿੱਸਿਆਂ ਵਿੱਚ ਵੱਡੀ ਗਿਣਤੀ ਵਿੱਚ ਮੱਛੀਆਂ ਮਰੀਆਂ ਸਨ। ਉਦੋਂ ਮੱਛੀ ਪਾਲਣ ਵਿਭਾਗ, ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਅਤੇ ਪੰਜਾਬ ਪ੍ਰਦੂਸ਼ਣ ਬੋਰਡ ਦੀਆਂ ਟੀਮਾਂ ਨੇ ਵੇਈਂ ਵਿੱਚ ਪੈ ਰਹੇ ਗੰਦੇ ਪਾਣੀਆਂ ਦੇ ਵੱਖ-ਵੱਖ ਥਾਵਾਂ ਤੋਂ ਸੈਂਪਲ ਇਕੱਠੇ ਕੀਤੇ ਸਨ। ਇਹ ਟੀਮਾਂ ਇਸ ਨਤੀਜੇ ’ਤੇ ਪਹੁੰਚੀਆਂ ਸਨ ਕਿ ਇਨ੍ਹਾਂ ਦਿਨਾਂ ਵਿੱਚ ਮੱਛੀ ਦੇ ਪੂੰਗ ਵਿੱਚ ਵਾਧਾ ਹੁੰਦਾ ਹੈ। ਗੰਦਾ ਪਾਣੀ ਪੈਣ ਕਾਰਨ ਵੇਈਂ ਵਿੱਚ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਸੀ ਤੇ ਮੁਕੇਰੀਆਂ ਹਾਈਡਲ ਚੈਨਲ ਅਤੇ ਕਾਂਜਲੀ ਜਲਗਾਹ ਤੋਂ ਸਾਫ ਪਾਣੀ ਘਟਾ ਦਿੱਤਾ ਜਾਂਦਾ ਸੀ। ਇਸ ਕਾਰਨ ਵੇਈਂ ਵਿੱਚ ਮੱਛੀਆਂ ਮਰਨ ਦਾ ਖਤਰਾ ਹਰ ਸਾਲ ਬਣਿਆ ਰਹਿੰਦਾ ਸੀ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਨੇ ਪੱਤਰ ਵਿੱਚ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਇਸ ਬਾਰੇ ਲੋੜੀਂਦੀ ਕਾਰਵਾਈ ਕੀਤੀ ਜਾਵੇ ਅਤੇ ਅਗਾਊਂ ਹੀ ਪ੍ਰਬੰਧ ਕੀਤੇ ਜਾਣ। ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਬੀਤੇ ਦਿਨੀਂ ਵੇਈਂ ਵਿੱਚ ਪਾਣੀ ਛੱਡਣ ਲਈ ਹਦਾਇਤਾਂ ਕੀਤੀਆਂ ਸਨ ਤਾਂ ਜੋ ਮੱਛੀਆ ਦੇ ਮਰਨ ਦੀ ਘਟਨਾ ਮੁੜ ਨਾ ਵਾਪਰੇ। ਉਨ੍ਹਾਂ ਦੱਸਿਆ ਕਿ ਵਿਸਾਖੀ ਮੌਕੇ ਸ੍ਰੀ ਗੁਰੁ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਸ ਪਵਿੱਤਰ ਕਾਲੀ ਵੇਈਂ ’ਤੇ ਕਾਫ਼ੀ ਸੰਗਤ ਆਉਂਦੀ ਹੈ। ਸੰਗਤ ਵੇਈਂ ਦੇ ਜਲ ਵਿੱਚੋਂ ਚੂਲਾ ਭਰਦੀ ਹੈ ਅਤੇ ਉੱਥੇ ਹੀ ਇਸ਼ਨਾਨ ਕਰਦੀ ਹੈ। ਉਨ੍ਹਾਂ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਹਦਾਇਤ ਵੀ ਕੀਤੀ ਕਿ ਪਾਣੀ ਛੱਡਣ ਦੀ ਸੂਰਤ ਵਿੱਚ ਇਹ ਧਿਆਨ ਰੱਖਿਆ ਜਾਵੇ ਕਿ ਵੇਈਂ ਕਿਨਾਰੇ ਢਿੱਗਾਂ ਡਿੱਗਣ ਨਾਲ ਕਿਸਾਨਾਂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਾ ਹੋਵੇ।

Advertisement

ਵਿਸਾਖੀ ਦੇ ਮੱਦੇਨਜ਼ਰ ਪਵਿੱਤਰ ਕਾਲੀ ਵੇਈਂ ਤੇ ਤਿਆਰੀਆਂ ਸ਼ੁਰੂ

ਕਾਲੀ ਵੇਈਂ ’ਤੇ ਵਿਸਾਖੀ ਮਨਾਉਣ ਦੀ ਤਿਆਰੀਆਂ ਵਜੋਂ ਸਫਾਈ ਦੀ ਕਾਰਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਕਾਰਸੇਵਾ ਦੀ ਅਗਵਾਈ ਕਰ ਰਹੇ ਸੰਤ ਬਲਬੀਰ ਸਿੰਘ ਸੀਚੇਵਾਲ ਰੋਜ਼ਾਨਾ ਸਵੇਰੇ ਸੰਗਤ ਨਾਲ ਮਿਲ ਕੇ ਵੇਈਂ ਵਿੱਚੋਂ ਬੂਟੀ ਕੱਢ ਰਹੇ ਹਨ ਅਤੇ ਵੇਈਂ ਦੇ ਤਿੰਨ ਕਿੱਲੋਮੀਟਰ ਤੱਕ ਦੋਵਾਂ ਕਿਨਾਰਿਆਂ ਦੀ ਸਫਾਈ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਹਰ ਸਾਲ ਇਨ੍ਹਾਂ ਦਿਨਾਂ ਦੌਰਾਨ ਵੇਈਂ ਕਿਨਾਰੇ ਵੱਡੀ ਮਾਤਰਾ ਵਿੱਚ ਪੱਤੇ ਕਿਰਦੇ ਹਨ ਤੇਬੂਟੀ ਪੈਦਾ ਹੋ ਜਾਂਦੀ ਹੈ ਜੋ ਪਾਣੀ ਦੇ ਵਹਾਅ ਵਿੱਚ ਰੁਕਾਵਟ ਬਣਦੀ ਹੈ।

Advertisement
Author Image

sukhwinder singh

View all posts

Advertisement
Advertisement
×