ਕੂੜਾ ਚੁੱਕਣ ਵਾਲੇ ਵਾਹਨ ਵਧਾਉਣ ਦੀ ਹਦਾਇਤ
ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 18 ਸਤੰਬਰ
ਸ਼ਹਿਰ ਵਿੱਚ ਸਾਫ-ਸਫਾਈ ਦੀ ਮੌਜੂਦਾ ਸਮੱਸਿਆ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸ਼ਹਿਰ ਵਿੱਚੋਂ ਕੂੜਾ ਚੁੱਕਣ ਵਾਲੀ ਏਜੰਸੀ ਨੂੰ ਕੂੜਾ ਚੁੱਕਣ ਵਾਲੀਆਂ ਗੱਡੀਆਂ ਦੀ ਗਿਣਤੀ 110 ਤੋਂ ਵਧਾ ਕੇ 275 ਕਰਨ ਦੀ ਹਦਾਇਤ ਕੀਤੀ ਹੈ। ਅੱਜ ਉਨ੍ਹਾਂ ਨੇ ਮੈਡੀਕਲ ਅਫ਼ਸਰਾਂ, ਇੰਪਰੂਵਮੈਂਟ ਟਰੱਸਟ ਅਤੇ ਪੁੱਡਾ ਅਧਿਕਾਰੀਆਂ ਨਾਲ ਸਾਂਝੀ ਮੀਟਿੰਗ ਕੀਤੀ ਅਤੇ ਕੂੜੇ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਮਿਉਂਸਿਪਲ ਕਾਰਪੋਰੇਸ਼ਨ ਤੋਂ ਇਲਾਵਾ ਇੰਪਰੂਵਮੈਂਟ ਟਰੱਸਟ ਅਤੇ ਪੁੱਡਾ ਵਰਗੀਆਂ ਏਜੰਸੀਆਂ ਨੂੰ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਜ਼ੋਨਾਂ ਵਿੱਚ ਸਫ਼ਾਈ ਮੁਹਿੰਮ ਸ਼ੁਰੂ ਕਰਨ ਦੇ ਸਖ਼ਤ ਆਦੇਸ਼ ਦਿੱਤੇ। ਉਨਾਂ ਕਿਹਾ ਕਿ ਸੁੱਕੇ ਅਤੇ ਗਿੱਲੇ ਕੂੜੇ ਨੂੰ ਵੱਖ ਕਰਨ ਲਈ ਵਿਸ਼ੇਸ਼ ਵਾਹਨਾਂ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਭਗਤਵਾਲਾ ਡੰਪ ਵਿਖੇ ਲੱਗੀਆਂ ਬਾਇਓ ਰੀਮੀਡੀਏਸ਼ਨ ਮਸ਼ੀਨਾਂ ਨੂੰ ਚਾਲੂ ਕਰਵਾਇਆ ਜਾਵੇਗਾ।
ਉਨ੍ਹਾਂਂ ਸਪੱਸ਼ਟ ਕੀਤਾ ਕਿ ਜੇ ਕੋਈ ਏਜੰਸੀ ਜਾਂ ਠੇਕੇਦਾਰ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਜਿਥੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਡੀਸੀ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਧਾਰਮਿਕ ਯਾਤਰੀਆਂ ਦੇ ਨਾਲ-ਨਾਲ ਟੂਰਿਜ਼ਮ ਦੀਆਂ ਅਥਾਹ ਸੰਭਾਵਨਾਵਾਂ ਹਨ। ਡੀਸੀ ਨੇ ਜ਼ਿਲ੍ਹਾ ਸਿਹਤ ਅਫਸਰ ਨਗਰ ਨਿਗਮ ਡਾ. ਕਿਰਨ ਕੁਮਾਰ ਨੂੰ ਕਿਹਾ ਕਿ ਉਹ ਆਪਣੀ ਦੇਖ-ਰੇਖ ਹੇਠ ਸਫਾਈ ਪ੍ਰਬੰਧਾਂ ਦਾ ਜਾਇਜ਼ਾ ਲੈਣ ਅਤੇ ਸ਼ਹਿਰ ਦੀ ਸਾਫ-ਸਫਾਈ ਰੋਜ਼ਾਨਾ ਹੋਣੀ ਚਾਹੀਦੀ ਹੈ।