ਪਰਾਲੀ ਦੀ ਅੱਗ 15 ਮਿੰਟ ’ਚ ਬੁਝਾਉਣਾ ਯਕੀਨੀ ਬਣਾਉਣ ਦੇ ਨਿਰਦੇਸ਼
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 6 ਅਕਤੂਬਰ
ਮੁਹਾਲੀ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਠੱਲ੍ਹਣ ਲਈ ਕੀਤੇ ਉਪਰਾਲਿਆਂ ਦਾ ਜਾਇਜ਼ਾ ਲੈਂਦਿਆਂ ਉਪ ਮੰਡਲ ਮੈਜਿਸਟਰੇਟਾਂ (ਐੱਸਡੀਐੱਮ) ਨੂੰ ਝੋਨੇ ਦੀ ਪਰਾਲੀ ਨੂੰ ਲੱਗੀ ਅੱਗ ਬੁਝਾਉਣ ਲਈ ਅੱਗ ਬੁਝਾਊ ਯੰਤਰਾਂ (ਫਾਇਰ ਟੈਂਡਰਾਂ) ਨੂੰ 15 ਮਿੰਟ ਦੇ ਅੰਦਰ-ਅੰਦਰ ਮੌਕੇ ’ਤੇ ਪਹੁੰਚ ਕੇ ਕੰਮ ਕਰਨਾ ਯਕੀਨੀ ਬਣਾਉਣ ਲਈ ਕਿਹਾ ਹੈ। ਇੰਜ ਹੀ ਸਬ ਡਿਵੀਜ਼ਨ ਪੱਧਰ ’ਤੇ ਤਾਇਨਾਤ ਨੋਡਲ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਸਬੰਧਤ ਐੱਸਡੀਐੱਮਜ਼ ਦੇ ਨਾਲ ਸਹਿਯੋਗ ਕਰਕੇ ਅਜਿਹੀਆਂ ਥਾਵਾਂ ’ਤੇ ਨਿਗਰਾਨੀ ਰੱਖਣ।
ਡੀਸੀ ਨੇ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਰੀ ਉਪਲਬਧ ਕਰਵਾਈ ਜਾਵੇਗੀ ਤਾਂ ਜੋ ਝੋਨਾ ਕੱਟਣ ਤੋਂ ਬਾਅਦ ਪਰਾਲੀ ਦਾ ਨਿਪਟਾਰਾ ਕੀਤਾ ਜਾ ਸਕੇ। ਨੋਡਲ ਅਫ਼ਸਰਾਂ ਅਤੇ ਕਲੱਸਟਰ ਅਫ਼ਸਰਾਂ (10 ਪਿੰਡਾਂ ਦਾ ਇੱਕ ਸਮੂਹ) ਨੂੰ ਉਪਲਬਧ ਮਸ਼ੀਨਰੀ ਦਾ ਡਾਟਾਬੇਸ ਰੱਖਣ ਦੀ ਜ਼ਿੰਮੇਵਾਰੀ ਸੌਂਪਦਿਆਂ ਉਨ੍ਹਾਂ ਨੇ ਕਿਸਾਨਾਂ ਨੂੰ ਲੋੜ ਅਨੁਸਾਰ ਮਸ਼ੀਨਰੀ ਉਪਲਬਧ ਕਰਵਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਸਾਰੇ ਕਲੱਸਟਰ ਅਫ਼ਸਰ ਅਤੇ ਸੁਪਰਵਾਈਜ਼ਰੀ ਅਫ਼ਸਰ ਪਿੰਡ ਪੱਧਰ ’ਤੇ ਨੋਡਲ ਅਫ਼ਸਰਾਂ ਰਾਹੀਂ ਪਰਾਲੀ ਪ੍ਰਬੰਧਨ ਦੇ ਐਕਸ-ਸੀਟੂ ਅਤੇ ਇਨ-ਸੀਟੂ ਵਿਧੀ ਬਾਰੇ ਜਾਣਕਾਰੀ ਦੇਣਗੇ। ਉਹ ਇਹ ਵੀ ਯਕੀਨੀ ਬਣਾਉਣਗੇ ਕਿ ਸਾਰੇ ਕਿਸਾਨਾਂ ਨੂੰ ਐਕਸ-ਸੀਟੂ ਅਤੇ ਇਨ-ਸੀਟੂ ਮਸ਼ੀਨਰੀ ਉਪਲਬਧ ਕਰਵਾਈ ਜਾਵੇ ਅਤੇ ਮਸ਼ੀਨਾਂ ਕਸਟਮ ਹਾਇਰਿੰਗ ਸੈਂਟਰਾਂ, ਸਹਿਕਾਰੀ ਸਭਾਵਾਂ, ਕਿਸਾਨ ਉਤਪਾਦਕ ਸੰਸਥਾਵਾਂ, ਪੰਚਾਇਤਾਂ ਅਤੇ ਵਿਅਕਤੀਗਤ ਕਿਸਾਨਾਂ ਕੋਲ ਉਪਲਬਧ ਹੋਣ ਭਾਵੇਂ ਸਬਸਿਡੀ ਰਾਹੀਂ ਖ਼ਰੀਦੀਆਂ ਗਈਆਂ ਹੋਣ। ਕਿਸਾਨਾਂ ਨੂੰ ਕਿਰਾਏ/ਸ਼ੇਅਰਿੰਗ ਦੇ ਆਧਾਰ ’ਤੇ ਮੁਹੱਈਆ ਕਰਵਾਈਆਂ ਜਾਂਦੀਆਂ ਹਨ।