ਪ੍ਰਾਈਵੇਟ ਪਲੇਅਵੇਅ ਸਕੂਲਾਂ ਲਈ ਆਨਲਾਈਨ ਰਜਿਸ਼ਟਰੇਸ਼ਨ ਸਬੰਧੀ ਹਦਾਇਤਾਂ ਜਾਰੀ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 2 ਜਨਵਰੀ
ਪ੍ਰਾਈਵੇਟ ਪਲੇਅਵੇਅ ਸਕੂਲਾਂ ਦੀ ਨਵੀਂ ਰਜਿਸਟਰੇਸ਼ਨ ਕਰਵਾਉਣ ਸਬੰਧੀ ਪੰਜਾਬ ਸਰਕਾਰ ਵਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਹਦਾਇਤਾਂ ਤਹਿਤ ਪੰਜਾਬ ਵਿਚ ਚੱਲ ਰਹੇ ਸਾਰੇ ਪ੍ਰਾਈਵੇਟ ਪਲੇਅ-ਵੇਅ ਸਕੂਲ ਹੁਣ ਤੋਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਰਜਿਸਟਰਡ ਕੀਤੇ ਜਾਣਗੇ। ਜ਼ਿਲ੍ਹਾ ਪ੍ਰੋਗਰਾਮ ਅਫਸਰ ਅਨੁਰਤਨ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਨਿੱਜੀ ਪਲੇਅ-ਵੇਅ ਸਕੂਲਾਂ ਵਿਚ ਬਚਪਨ ਦੇ ਸ਼ੁਰੂਆਤੀ ਵਿਕਾਸ ਲਈ ਬੱਚਿਆਂ ਨੂੰ ਖੇਡਾਂ ਦੇ ਜ਼ਰੀਏ ਪੜ੍ਹਾਇਆ ਜਾਵੇਗਾ, ਜਿਸ ਨਾਲ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਨਿਖਾਰ ਆਵੇਗਾ। ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਇਨ੍ਹਾਂ ਪਲੇਅ ਵੇਅ ਸਕੂਲਾਂ ਦੀ ਨਵੀਂ ਰਜਿਸਟਰੇਸ਼ਨ ਅਤੇ ਪੁਰਾਣੀ ਰਜਿਸਟਰੇਸ਼ਨ ਰੀਨਿਊ ਕਾਰਵਾਏ ਜਾਣ ਨੂੰ ਲਾਜ਼ਮੀ ਕਰਾਰ ਦਿੱਤਾ ਗਿਆ ਹੈ ਜਿਸ ਸਬੰਧੀ ਵਿਸਥਾਰ ਵਿਚ ਨਿਯਮ ਅਤੇ ਹਦਾਇਤਾਂ ਲਾਗੂ ਹੋਣਗੀਆਂ। ਉਨ੍ਹਾਂ ਦੱਸਿਆ ਕਿ ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਸਕੂਲਾਂ ਵਿੱਚ ਦਾਖ਼ਲੇ ਲਈ ਬੱਚੇ ਲਈ ਕੋਈ ਸਕ੍ਰੀਨਿੰਗ ਟੈਸਟ ਜਾਂ ਮਾਪਿਆਂ ਦੀ ਇੰਟਰਵਿਊ ਆਦਿ ਨਹੀਂ ਹੋਵੇਗੀ। ਇਨ੍ਹਾਂ ਸਕੂਲਾਂ ਵਿੱਚ ਜੰਕ ਫੂਡ ’ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ।