For the best experience, open
https://m.punjabitribuneonline.com
on your mobile browser.
Advertisement

ਚਾਹੜਕੇ ’ਚ ਪਾਣੀ ਨਿਕਾਸੀ ਦੀ ਸਮੱਸਿਆ ਦੇ ਆਰਜ਼ੀ ਹੱਲ ਦੇ ਨਿਰਦੇਸ਼

10:22 AM Apr 13, 2024 IST
ਚਾਹੜਕੇ ’ਚ ਪਾਣੀ ਨਿਕਾਸੀ ਦੀ ਸਮੱਸਿਆ ਦੇ ਆਰਜ਼ੀ ਹੱਲ ਦੇ ਨਿਰਦੇਸ਼
ਕੈਬਨਿਟ ਮੰਤਰੀ ਬਲਕਾਰ ਸਿੰਘ ਨੂੰ ਸਮੱਸਿਆ ਬਾਰੇ ਦੱੱਸਦੇ ਹੋਏ ਪਿੰਡ ਵਾਸੀ।
Advertisement

ਬਲਵਿੰਦਰ ਸਿੰਘ ਭੰਗੂ
ਭੋਗਪੁਰ,12 ਅਪਰੈਲ
ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਪਿੰਡ ਚਾਹੜਕੇ ਪਹੁੰਚ ਕੇ ਪਾਣੀ ਨਿਕਾਸੀ ਪਾਣੀ ਦੀ ਗੰਭੀਰ ਸਮੱਸਿਆ ਸਬੰਧੀ ਪਿੰਡ ਵਾਸੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਬੀਡੀਪੀਓ ਭੋਗਪੁਰ ਸੁਭਪ੍ਰੀਤ ਸਿੰਘ ਅਤੇ ਹੋਰ ਸਬੰਧਤ ਸਰਕਾਰੀ ਅਧਿਕਾਰੀਆਂ ਨੂੰ ਛੱਪੜ ਵਿਚੋਂ ਪਾਣੀ ਕੱਢਣ ਤੇ ਪੱਕਾ ਨਾਲਾ ਬਣਾ ਕੇ ਪਾਣੀ ਨਿਕਾਸੀ ਦਾ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਕੈਬਨਿਟ ਮੰਤਰੀ ਦੇ ਦਿਸ਼ ਨਿਰਦੇਸ਼ਾਂ ’ਤੇ ਸਰਕਾਰੀ ਅਧਿਕਾਰੀਆਂ ਨੇ ਪੱਕਾ ਨਾਲਾ ਬਣਾਉਣ ਦਾ ਕੰਮ ਜੰਗੀ ਪੱਧਰ ‘ਤੇ ਸ਼ੁਰੂ ਕਰ ਦਿੱਤਾ। ਦੱਸਣਯੋਗ ਹੈ ਕਿ ਬਲਾਕ ਭੋਗਪੁਰ ਦੇ ਪਿੰਡ ਚਾਹੜਕੇ ਵਿੱਚ ਪਾਣੀ ਨਿਕਾਸੀ ਦਾ ਪ੍ਰਬੰਧ ਨਾਲ ਹੋਣ ਕਾਰਨ ਵਾਲਮੀਕਿ ਭਾਈਚਾਰੇ ਦਾ ਅੱਧਾ ਮੁਹੱਲਾ ਪਾਣੀ ਵਿੱਚ ਡੁੱਬੇ ਹੋਣ ਅਤੇ ਬਿਮਾਰੀਆਂ ਫੈਲਣ ਦੇ ਖ਼ਦਸ਼ੇ ਨੂੰ ‘‘ਪੰਜਾਬੀ ਟ੍ਰਿਬਿਊਨ’’ ਅਖਬਾਰ ਨੇ ਪ੍ਰਮੁੱਖਤਾ ਨਾਲ ਛਾਪਿਆ। ਇਸ ਕਾਰਨ ਲੋਕਾਂ ਨੂੰ ਧਾਰਮਿਕ ਅਸਥਾਨਾਂ ਵਿੱਚ ਪਹੁੰਚਣ ’ਚ ਮੁਸ਼ਕਲ ਵੀ ਆ ਰਹੀ ਹੈ।
ਕੈਬਨਿਟ ਮੰਤਰੀ ਬਲਕਾਰ ਸਿੰਘ ਨੂੰ ‘ਆਪ’ ਦੇ ਬਲਾਕ ਪ੍ਰਧਾਨ ਹਰਦਿਆਲ ਸਿੰਘ ਗਿੱਲ ਅਤੇ ਸੀਨੀਅਰ ਆਗੂ ਅਮਰਜੀਤ ਸਿੰਘ ਭੰਗੂ ਨੇ ਦੱਸਿਆ ਕਿ ਪਿੰਡ ਦੀ ਪਿਛਲੀ ਪੰਚਾਇਤ ਨੇ ਸਰਕਾਰ ਵਲੋਂ ਦਿੱਤੀ ਗਰਾਂਟ ਦਾ 95 ਪ੍ਰਤੀ ਹਿੱਸਾ ਕਥਿਤ ਤੌਰ ’ਤੇ ਪਿੰਡ ਦੇ ਇੱਕ ਪਾਸੇ ਖਰਚ ਕਰ ਕੇ ਪੱਖਪਾਤ ਕੀਤਾ ਗਿਆ, ਜਿਸ ਕਰ ਕੇ ਪਿੰਡ ਦੇ ਦੂਜੇ ਪਾਸੇ ਸਮੱਸਿਆਵਾਂ ਪੈਦਾ ਹੋ ਗਈਆਂ। ਹਾਲਾਂਕਿ ਪਿਛਲੀ ਪੰਚਾਇਤ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਵਿਕਾਸ ਕਾਰਜ ਸੁਚਾਰੂ ਢੰਗ ਨਾਲ ਚੱਲ ਰਹੇ ਸਨ ਪਰ ਕੁਝ ਮੈਂਬਰਾਂ ਨੇ ਪੰਚਾਇਤ ਨੂੰ ਮੁਕੱਦਮੇਬਾਜ਼ੀ ਵਿੱਚ ਪਾ ਦਿੱਤਾ ਜਿਸ ਕਰ ਕੇ ਸਾਰੇ ਵਿਕਾਸ ਕੰਮ ਦੋ ਸਾਲ ਤੱਕ ਰੁੱਕ ਗਏ।
ਕੈਬਨਿਟ ਮੰਤਰੀ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਲੋਕ ਸਭਾ ਚੋਣਾਂ ਮਗਰੋਂ ਪਿੰਡ ਦੇ ਤਿੰਨ ਛੱਪੜਾਂ ਦੀ ਨਿਸ਼ਾਨਦੇਹੀ ਕਰਾ ਕੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਆਖਿਆ ਵਿਕਾਸ ਪੱਖੋਂ ਪੱਛੜੇ ਪਿੰਡ ਨੂੰ ਵਿਸ਼ੇਸ਼ ਸਰਕਾਰੀ ਗਰਾਂਟ ਦੇ ਕੇ ਪਿੰਡ ਦੀ ਨੁਹਾਰ ਬਦਲਣ ਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਵਾਲਮੀਕਿ ਸੰਘਰਸ਼ ਮੋਰਚਾ ਦੇ ਪ੍ਰਧਾਨ ਜੱਸ ਕਲਿਆਣ ਰਾਵਣ ਵੀ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×