ਯੂਟੀ ਪ੍ਰਸ਼ਾਸਕ ਵੱਲੋਂ ਬਿਜਲੀ ਦਰਾਂ ’ਚ ਕਟੌਤੀ ਦੇ ਨਿਰਦੇਸ਼
ਆਤਿਸ਼ ਗੁਪਤਾ
ਚੰਡੀਗੜ੍ਹ, 14 ਨਵੰਬਰ
ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਵੱਲੋਂ ਅੱਜ ਚੰਡੀਗੜ੍ਹ ਵਿੱਚ ਬਿਜਲੀ ਦੀਆਂ ਦਰਾਂ ਨੂੰ ਲੈ ਕੇ ਯੂਟੀ ਦੇ ਇੰਜਨੀਅਰਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸ੍ਰੀ ਕਟਾਰੀਆ ਨੇ ਇੰਜਨਅਰਿੰਗ ਵਿਭਾਗ ਨੂੰ ਅਗਲੇ ਵਿੱਤ ਵਰ੍ਹੇ 2025-26 ਵਿੱਚ ਬਿਜਲੀ ਦੀਆਂ ਦਰਾਂ ਘਟਾਉਣ ਲਈ ਲੋੜੀਂਦੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਅਗਲੇ ਸਾਲ ਬਿਜਲੀ ਦੀ ਦਰਾਂ ਦੀ ਰਿਪੋਰਟ ਤਿਆਰ ਕਰਨ ਤੋਂ ਪਹਿਲਾਂ ਘੱਟ ਆਮਦਨ ਵਾਲੇ ਖ਼ਪਤਕਾਰਾਂ ਨੂੰ ਰਾਹਤ ਦੇਣ ਬਾਰੇ ਵਿਚਾਰ ਕੀਤਾ ਜਾਵੇ। ਸ੍ਰੀ ਕਟਾਰੀਆ ਨੇ ਵਿਭਾਗ ਨੂੰ ਟਰਾਂਸਮਿਸ਼ਨ ਤੇ ਡਿਸਟ੍ਰੀਬਿਊਸ਼ਨ ਦੌਰਾਨ ਹੋਣ ਵਾਲੇ ਬਿਜਲੀ ਦੇ ਨੁਕਸਾਨ ਦੀ ਸ਼ਨਾਖਤ ਕਰਕੇ ਉਸ ਨੂੰ ਰੋਕਣ ਦੇ ਰਾਹ ਲੱਭਣ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਬਿਜਲੀ ਦੇ ਨੁਕਸਾਨ ਨੂੰ ਰੋਕਣ ਲਈ ਊਰਜਾ ਆਡਿਟ ਕਰਨ ’ਤੇ ਜ਼ੋਰ ਦਿੱਤਾ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੇ ਬਿਜਲੀ ਵਿਭਾਗ ਨੇ ਸੰਯੁਕਤ ਬਿਜਲੀ ਰੈਗੂਲੇਟਰੀ ਕਮਿਸ਼ਨ (ਜੇਈਆਰਸੀ) ਕੋਲ ਮੌਜੂਦਾ ਵਿੱਤ ਵਰ੍ਹੇ ਦੌਰਾਨ ਬਿਜਲੀ ਦੀਆਂ ਕੀਮਤਾਂ ਵਿੱਚ 19.44 ਫ਼ੀਸਦ ਵਾਧੇ ਦੀ ਸਿਫਾਰਿਸ਼ ਕੀਤੀ ਗਈ ਸੀ, ਜਦੋਂ ਕਿ ਜੇਈਆਰਸੀ ਨੇ 9.4 ਫ਼ੀਸਦ ਵਾਧੇ ਨੂੰ ਮਨਜ਼ੂਰੀ ਦਿੱਤੀ ਸੀ। ਜੇਈਆਰਸੀ ਦੇ ਆਦੇਸ਼ਾਂ ’ਤੇ ਚੰਡੀਗੜ੍ਹ ਵਿੱਚ ਨਵੀਂ ਦਰਾਂ 1 ਅਗਸਤ 2024 ਤੋਂ ਲਾਗੂ ਕਰ ਦਿੱਤੀਆਂ ਸਨ। ਇਸ ਵਿੱਚ ਘਰੇਲੂ ਖ਼ਪਤਕਾਰਾਂ ’ਤੇ ਲਗਾਏ ਜਾਣ ਵਾਲੇ ਫਿਕਸਡ ਚਾਰਜ਼ਿਸ ਨੂੰ 15 ਰੁਪਏ ਮਹੀਨੇ ਤੋਂ ਵਧਾ ਕੇ 30 ਰੁਪਏ ਮਹੀਨਾ ਕਰ ਦਿੱਤਾ ਸੀ। ਇਸ ਤੋਂ ਇਲਾਵਾ 0-150 ਯੂਨਿਟ ਤੱਕ ਦੀ ਸਲੈਬ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ, ਜਦੋਂ ਕਿ 151-400 ਯੂਨਿਟ ਤੱਕ ਦੀ ਕੀਮਤ 4.25 ਰੁਪਏ ਪ੍ਰਤੀ ਯੂਨਿਟ ਤੋਂ ਵਧਾ ਕੇ 4.80 ਰੁਪਏ ਕਰ ਦਿੱਤਾ ਸੀ।