ਦਕੋਹਾ ਫਲਾਈਓਵਰ ਦਾ ਨਿਰਮਾਣ ਜਲਦੀ ਪੂਰਾ ਕਰਨ ਦੇ ਨਿਰਦੇਸ਼
ਹਤਿੰਦਰ ਮਹਿਤਾ
ਜਲੰਧਰ, 26 ਸਤੰਬਰ
ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਦਕੋਹਾ ਫਾਟਕ ਨੇੜੇ ਬਣ ਰਹੇ ਫਲਾਈਓਵਰ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀਆਂ ਨੂੰ ਫਲਾਈਓਵਰ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਐੱਨਐੱਚਏਆਈ ਦੇ ਪ੍ਰਾਜੈਕਟ ਡਾਇਰੈਕਟਰ ਅਸ਼ੋਕ ਰੋਲੋਨੀਆ ਨਾਲ ਗੱਲਬਾਤ ਦੌਰਾਨ ਪ੍ਰਾਜੈਕਟ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਇਸ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਲਈ ਕਿਹਾ ਗਿਆ।
ਉਨ੍ਹਾਂ ਕਿਹਾ ਕਿ ਇਸ ਪੁਲ ਦੇ ਨਿਰਮਾਣ ਕਾਰਜ ਦੇ ਚੱਲਦਿਆਂ ਕਈ ਵਾਰ ਟਰੈਫਿਕ ਜਾਮ ਲਗਦਾ ਹੈ, ਜਿਸ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ।
ਉਨ੍ਹਾਂ ਨੇ ਨਿਰਮਾਣ ਅਧੀਨ ਪੁਲ ਦੇ ਦੋਨੋਂ ਪਾਸੇ ਸਰਵਿਸ ਲੇਨ ਦੀ ਖ਼ਰਾਬ ਹਾਲਤ ਦਾ ਮੁੱਦਾ ਉਠਾਉਂਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਸਰਵਿਸ ਲੇਨ ਨੂੰ ਜਲਦ ਤੋਂ ਜਲਦ ਦਰੁਸਤ ਕੀਤਾ ਜਾਵੇ ਤਾਂ ਜੋ ਇਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਅਤੇ ਟਰੈਫਿਕ ਜਾਮ ਦੀ ਸਥਿਤੀ ਨਾ ਪੈਦਾ ਹੋਵੇ। ਉਨ੍ਹਾਂ ਕਿਹਾ ਕਿ ਬਰਸਾਤਾਂ ਦੇ ਦਿਨਾਂ ਵਿੱਚ ਸਰਵਿਸ ਲੇਨ ਉੱਤੇ ਪਾਣੀ ਇਕੱਠਾ ਹੋਣ ਨਾਲ ਇਹ ਪਰੇਸ਼ਾਨੀ ਹੋ ਵੀ ਵੱਧ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਲੋਕ ਸਭਾ ਮੈਂਬਰ ਵੱਲੋਂ ਹਾਲ ਹੀ ਵਿੱਚ ਕੇਂਦਰੀ ਮੰਤਰੀ ਨਿਤਿਨ ਗਡਕਾਰੀ ਨਾਲ ਮੁਲਾਕਾਤ ਕਰਕੇ ਪੀਏਪੀ ਚੌਕ ’ਤੇ ਬਣਨ ਵਾਲੇ ਨਵੇਂ ਆਰਓਬੀ ਅਤੇ ਫਿਲੌਰ ਵਿੱਚ ਬਣਨ ਵਾਲੇ ਆਰਓਬੀ ਦਾ ਮੁੱਦਾ ਉਠਾਇਆ ਗਿਆ ਸੀ।