ਧੁੰਦ ਕਾਰਨ ਵਾਹਨਾਂ ’ਤੇ ਰਿਫਲੈਕਟਰ ਲਗਾਉਣ ਦੀ ਹਦਾਇਤ
ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 13 ਨਵੰਬਰ
ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਧੁੰਦ ਦੇ ਮੌਸਮ ਨੂੰ ਦੇਖਦਿਆਂ ਅਧਿਕਾਰੀਆਂ ਨੂੰ ਸ਼ਹਿਰ ਵਿੱਚ ਸੜਕਾਂ ’ਤੇ ਲੱਗੀਆਂ ਖਰਾਬ ਹੋਈਆਂ ਸਟਰੀਟ ਲਾਈਟਾਂ ਬਦਲਣ ਅਤੇ ਵੱਧ ਤੋਂ ਵੱਧ ਰਿਫਲੈਕਟਰ ਲਗਾਉਣ ਸ਼ਹਿਰ ਵਿੱਚ ਲੋੜ ਅਨੁਸਾਰ ਸਪੀਡ ਬਰੇਕਰ ਵੀ ਬਣਾਏ ਜਾਣ ਦੀ ਹਦਾਇਤ ਕੀਤੀ ਹੈ। ਉਨ੍ਹਾਂ ਸ਼ਹਿਰ ਵਿੱਚ ਵਧ ਰਹੀ ਟਰੈਫਿਕ ਦੇ ਚੱਲਦਿਆਂ ਨਿਗਮ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਲੋਕਾਂ ਲਈ ਪਾਰਕਿੰਗ ਦੇ ਵੱਧ ਸਥਾਨ ਉਪਲੱਬਧ ਕਰਾਉਣ ਤਾਂ ਜੋ ਸੜਕਾਂ ’ਤੇ ਗੱਡੀਆਂ ਨਾ ਖੜੀਆਂ ਰਹਿਣ। ਉਨ੍ਹਾਂ ਨੈਸ਼ਨਲ ਹਾਈਵੇਅ, ਲੋਕ ਨਿਰਮਾਣ ਵਿਭਾਗ, ਮੰਡੀ ਬੋਰਡ ਅਤੇ ਕਾਰਪੋਰੇਸ਼ਨ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪੋ ਆਪਣੇ ਅਧਿਕਾਰ ਖੇਤਰ ਵਿੱਚ ਪੈਂਦੀਆਂ ਸੜਕਾਂ ’ਤੇ ਮੌਸਮ ਦੀ ਲੋੜ ਅਨੁਸਾਰ ਢੁੱਕਵੇਂ ਪ੍ਰਬੰਧ ਯਕੀਨੀ ਬਣਾਉਣ। ਡੀਸੀ ਨੇ ਪੁਲੀਸ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਸ਼ਹਿਰ ਵਿੱਚ ਚੱਲਦੇ ਆਟੋ ਅਤੇ ਈ-ਰਿਕਸ਼ਾ ਨੂੰ ਯੋਜਨਾਬੱਧ ਕੀਤਾ ਜਾਵੇ ਤਾਂ ਜੋ ਆਮ ਟਰੈਫਿਕ ਵਿੱਚ ਵਿਘਨ ਨਾ ਪਵੇ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਟਰੈਫਿਕ ਕੰਟਰੋਲ ਕਰਨ ਲਈ 299 ਟਰੈਫਿਕ ਕਰਮਚਾਰੀ ਕੰਮ ਕਰ ਰਹੇ ਹਨ। ਇਸ ਸਾਲ ਇੱਕ ਜਨਵਰੀ ਤੋਂ ਲੈ ਕੇ ਹੁਣ ਤੱਕ 43639 ਚਲਾਨ ਕੱਟੇ ਗਏ। ਉਨ੍ਹਾਂ ਦੱਸਿਆ ਕਿ ਬੀਆਰਟੀਐੱਸ ਪ੍ਰਾਜੈਕਟ ਦੀ ਲੇਨ ਫਿਲਹਾਲ ਟੂ-ਵੀਲਰ ਅਤੇ ਐਮਰਜੈਂਸੀ ਗੱਡੀਆਂ ਲਈ ਖੋਲ੍ਹੀ ਹੈ। ਕਮਿਸ਼ਨਰ ਕਾਰਪੋਰੇਸ਼ਨ ਗੁਲਪ੍ਰੀਤ ਸਿੰਘ ਔਲਖ ਨੇ ਦੱਸਿਆ ਕਿ ਇਸ ਵੇਲੇ 1874 ਸੀਸੀਟੀਵੀ ਕੈਮਰੇ ਕੰਮ ਕਰ ਰਹੇ ਹਨ ਅਤੇ 85 ਹਜ਼ਾਰ ਲਾਈਟਾਂ ਸ਼ਹਿਰ ਵਿੱਚ ਲਗਾਈਆਂ ਜਾ ਚੁੱਕੀਆਂ ਹਨ।
ਵਿਰਾਸਤੀ ਮਾਰਗ ਦੀ ਸਾਂਭ-ਸੰਭਾਲ ’ਤੇ ਜ਼ੋਰ
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ):
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਾਰਪੋਰੇਸ਼ਨ ਅਧਿਕਾਰੀਆਂ ਨਾਲ ਵਿਕਾਸ ਕੰਮਾਂ ਬਾਰੇ ਮੀਟਿੰਗ ਕਰਦਿਆਂ ਦਰਬਾਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ਦੀ ਸਾਂਭ-ਸੰਭਾਲ ਅਤੇ ਸਾਫ਼-ਸਫ਼ਾਈ ਸਬੰਧੀ ਚਰਚਾ ਕੀਤੀ। ਉਨ੍ਹਾਂ ਕਾਰਪੋਰੇਸ਼ਨ ਅਧਿਕਾਰੀਆਂ ਤੋਂ ਘਿਓ ਮੰਡੀ ਚੌਕ ਵਿਖੇ ਨਵਾਬ ਜੱਸਾ ਸਿੰਘ ਆਹਲੂਵਾਲੀਆ ਦੀ ਯਾਦ ਵਿੱਚ ਬਣਨ ਵਾਲੇ ਸ਼ਾਨਦਾਰ ਗੇਟ ਦਾ ਨਕਸ਼ਾ ਅਤੇ ਬਜਟ ਦੀ ਰਿਪੋਰਟ ਮੰਗੀ ਤਾਂ ਜੋ ਇਸ ਦਾ ਕੰਮ ਸ਼ੁਰੂ ਕਰਵਾਇਆ ਜਾ ਸਕੇ। ਕਾਰਪੋਰੇਸ਼ਨ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਦੱਸਿਆ ਕਿ ਵਿਰਾਸਤੀ ਮਾਰਗ ਦਾ ਲਗਭਗ 50 ਫੀਸਦ ਤੋਂ ਵੱਧ ਮੁਕੰਮਲ ਹੋ ਚੁੱਕਾ ਹੈ।