For the best experience, open
https://m.punjabitribuneonline.com
on your mobile browser.
Advertisement

ਮੌਸਮ ਦੇ ਬਦਲੇ ਮਿਜ਼ਾਜ ਨੇ ਫਿਕਰਾਂ ’ਚ ਪਾਇਆ ਅੰਨਦਾਤਾ

11:14 AM Apr 20, 2024 IST
ਮੌਸਮ ਦੇ ਬਦਲੇ ਮਿਜ਼ਾਜ ਨੇ ਫਿਕਰਾਂ ’ਚ ਪਾਇਆ ਅੰਨਦਾਤਾ
ਬਨੂੜ ਦੀ ਅਨਾਜ ਮੰਡੀ ਵਿੱਚ ਮੀਂਹ ਕਰਕੇ ਭਿੱਜੀਆਂ ਕਣਕ ਦੀਆਂ ਬੋਰੀਆਂ। (ਸੱਜੇ) ਚੰਡੀਗੜ੍ਹ ਦੇ ਸੈਕਟਰ-42 ਵਿੱਚ ਮੀਂਹ ਦੌਰਾਨ ਸੜਕ ਤੋਂ ਲੰਘਦੇ ਹੋਏ ਰਾਹਗੀਰ। -ਫੋਟੋਆਂ: ਕਰਮਜੀਤ ਸਿੰਘ ਚਿੱਲਾ/ਰਵੀ ਕੁਮਾਰ
Advertisement

ਕੁਲਦੀਪ ਸਿੰਘ
ਚੰਡੀਗੜ੍ਹ, 19 ਅਪਰੈਲ
ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਸਣੇ ਨੇੜਲੇ ਇਲਾਕਿਆਂ ਵਿੱਚ ਬੀਤੀ ਰਾਤ ਤੋਂ ਰੁਕ-ਰੁਕ ਕੇ ਪੈ ਰਹੇ ਰਹੇ ਮੀਂਹ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਇੱਕ ਪਾਸੇ ਤਾਪਮਾਨ ਥੱਲੇ ਡਿੱਗਣ ਕਾਰਨ ਜਿੱਥੇ ਸ਼ਹਿਰ ਵਾਸੀ ਵਧ ਰਹੀ ਗਰਮੀ ਤੋਂ ਕੁੱਝ ਰਾਹਤ ਮਹਿਸੂਸ ਕਰ ਰਹੇ ਹਨ ਉੱਥੇ ਮੀਂਹ ਕਾਰਨ ਖੇਤਾਂ ਵਿੱਚ ਤਿਆਰ ਖੜ੍ਹੀ ਫ਼ਸਲ ਦੇ ਭਿੱਜਣ ਦੇ ਡਰ ਕਾਰਨ ਕਿਸਾਨਾਂ ਦੇ ਮੱਥੇ ’ਤੇ ਫਿਕਰ ਦੀਆਂ ਲਕੀਰਾਂ ਗੂੜੀਆਂ ਹੋ ਗਈਆਂ ਹਨ। ਮੌਸਮ ਵਿਭਾਗ ਨੇ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਅੱਜ ਦੁਪਹਿਰ ਵੇਲੇ ਤੋਂ ਤੇਜ਼ ਹਵਾਵਾਂ ਅਤੇ ਸੰਘਣੇ ਬੱਦਲਾਂ ਨਾਲ ਕਿਣ-ਮਿਣ ਸ਼ੁਰੂ ਹੋਈ, ਜੋ ਕਰੀਬ ਪੌਣੇ ਕੁ ਪੰਜ ਵਜੇ ਦਫ਼ਤਰਾਂ ਦੀ ਛੁੱਟੀ ਹੋਣ ਤੱਕ ਇੱਕਦਮ ਤੇਜ਼ ਮੀਂਹ ਵਿੱਚ ਬਦਲ ਗਈ। ਚੰਡੀਗੜ੍ਹ ਦੇ ਨਾਲ-ਨਾਲ ਟ੍ਰਾਈਸਿਟੀ ਵਿੱਚ ਮੁਹਾਲੀ, ਪੰਚਕੂਲਾ ਸਣੇ ਨੇੜਲੇ ਖੇਤਰਾਂ ਵਿੱਚ ਵੀ ਬਾਰਿਸ਼ ਹੋਈ। ਵਾਢੀ ਸ਼ੁਰੂ ਹੋਣ ਕਰਕੇ ਕਣਕ ਮੰਡੀਆਂ ਵਿੱਚ ਪਹੁੰਚਣੀ ਸ਼ੁਰੂ ਹੋ ਚੁੱਕੀ ਹੈ ਤੇ ਪੱਕੀ ਫ਼ਸਲ ਹਾਲੇ ਖੇਤਾਂ ਵਿੱਚ ਖੜ੍ਹੀ ਹੈ। ਕਿਸਾਨ ਨੂੰ ਇੱਕੋ ਚਿੰਤਾ ਹੈ ਕਿ ਉਸ ਦਾ ਅਨਾਜ ਭੜੋਲਿਆਂ ਤੱਕ ਸੁਰੱਖਿਅਤ ਪਹੁੰਚ ਜਾਵੇ।

Advertisement

ਜ਼ੀਰਕਪੁਰ ਵਿੱਚ ਮੀਂਹ ਮਗਰੋਂ ਚੰਡੀਗੜ੍ਹ-ਅੰਬਾਲਾ ਹਾਈਵੇਅ ’ਤੇ ਖੜ੍ਹੇ ਪਾਣੀ ਵਿੱਚੋਂ ਲੰਘਦੇ ਹੋਏ ਵਾਹਨ। -ਫੋਟੋ: ਰਵੀ ਕੁਮਾਰ

ਬਨੂੜ (ਕਰਮਜੀਤ ਸਿੰਘ ਚਿੱਲਾ): ਅੱਜ ਬਾਅਦ ਦੁਪਹਿਰ ਤੋਂ ਇਸ ਖੇਤਰ ਵਿੱਚ ਪਈ ਭਰਵੀਂ ਬਾਰਿਸ਼ ਅਤੇ ਤੇਜ਼ ਹਵਾਵਾਂ ਨੇ ਕਿਸਾਨਾਂ ਨੂੰ ਫ਼ਿਕਰਾਂ ਵਿੱਚ ਪਾ ਦਿੱਤਾ ਹੈ। ਕਣਕ ਦੀ ਵਢਾਈ ਦੇ ਤੇਜ਼ ਰਫ਼ਤਾਰ ਨਾਲ ਚੱਲ ਰਹੇ ਕੰਮ ਨੂੰ ਇਕ ਦਮ ਬਰੇਕਾਂ ਲੱਗ ਗਈਆਂ ਹਨ। ਸਥਾਨਕ ਮੰਡੀਆਂ ਵਿੱਚ ਵਿਕਣ ਲਈ ਆਈ ਹੋਈ ਕਣਕ ਦੀਆਂ ਢੇਰੀਆਂ ਦੇ ਥੱਲਿਉਂ ਮੀਂਹ ਦਾ ਪਾਣੀ ਨਿਕਲ ਗਿਆ ਹੈ ਅਤੇ ਖਰੀਦ ਏਜੰਸੀਆਂ ਵੱਲੋਂ ਖਰੀਦੀਆਂ ਗਈਆਂ ਕਣਕ ਦੀਆਂ ਬੋਰੀਆਂ ਵੀ ਮੀਂਹ ਵਿੱਚ ਭਿੱਜ ਗਈਆਂ ਹਨ। ਸਬਜ਼ੀਆਂ ਦੀਆਂ ਵੇਲਾਂ ਨੂੰ ਵੀ ਤਾਜ਼ਾ ਮੀਂਹ ਅਤੇ ਹਨੇਰੀ ਨੇ ਨੁਕਸਾਨ ਪਹੁੰਚਾਇਆ ਹੈ।
ਕਿਸਾਨਾਂ ਨੇ ਦੱਸਿਆ ਕਿ ਤਾਜ਼ਾ ਮੀਂਹ ਨਾਲ ਘੱਟੋ-ਘੱਟ ਤਿੰਨ ਜਾਂ ਚਾਰ ਦਿਨ ਕਣਕ ਦੀ ਵਾਢੀ ਨਹੀਂ ਹੋ ਸਕੇਗੀ। ਉਨ੍ਹਾਂ ਕਿਹਾ ਹੱਥਾਂ ਨਾਲ ਵੱਢੀ ਹੋਈ ਕਣਕ ਦੀਆਂ ਭਰੀਆਂ ਨੂੰ ਪਹਿਲਾਂ ਸੁਕਾਉਣਾ ਪਵੇਗਾ ਅਤੇ ਇਸ ਮਗਰੋਂ ਹੀ ਉਨ੍ਹਾਂ ਦੀ ਕਢਾਈ ਹੋ ਸਕੇਗੀ। ਇਸ ਖੇਤਰ ਵਿੱਚ ਵੱਡੀ ਪੱਧਰ ’ਤੇ ਚੱਲ ਰਹੀਆਂ ਕੰਬਾਇਨਾਂ ਵੀ ਭਾਰੀ ਬਾਰਿਸ਼ ਕਾਰਨ ਵਿਹਲੀਆਂ ਹੋ ਗਈਆਂ ਹਨ ਤੇ ਪਰਵਾਸੀ ਮਜ਼ਦੂਰਾਂ ਦਾ ਕੰਮ ਵੀ ਰੁਕ ਗਿਆ ਹੈ। ਕਿਸਾਨਾਂ ਨੇ ਦੱਸਿਆ ਕਿ ਮੀਂਹ ਕਾਰਨ ਨਮੀ ਦੀ ਮਾਤਰਾ ਵੀ ਵਧੇਗੀ ਤੇ ਉਨ੍ਹਾਂ ਨੂੰ ਕਣਕ ਵੇਚਣ ਸਮੇਂ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਵੇਗਾ। ਕਿਸਾਨਾਂ ਅਨੁਸਾਰ ਮੀਂਹ ਅਤੇ ਤੇਜ਼ ਹਵਾਵਾਂ ਨੇ ਖਰਬੂਜ਼ੇ, ਘੀਆ ਤੇ ਹੋਰਨਾਂ ਸਬਜ਼ੀਆਂ ਦੀਆਂ ਵੇਲਾਂ ਦੀਆਂ ਜੜਾਂ ਹਿਲਾ ਦਿੱਤੀਆਂ ਹਨ।
ਬਨੂੜ ਮੰਡੀ ਵਿੱਚ ਖਰੀਦ ਏਜੰਸੀਆਂ ਦੀਆਂ ਵੱਡੀ ਮਾਤਰਾ ਵਿੱਚ ਭਰੀਆਂ ਹੋਈਆਂ ਕਣਕ ਦੀਆਂ ਬੋਰੀਆਂ ਬਿਨਾਂ ਢਕਿਆਂ ਹੀ ਪਈਆਂ ਸਨ ਤੇ ਮੀਂਹ ਵਿੱਚ ਭਿੱਜ ਰਹੀਆਂ ਸਨ। ਕਣਕ ਦੀਆਂ ਢੇਰੀਆਂ ਨੂੰ ਕਿਸਾਨਾਂ ਅਤੇ ਆੜ੍ਹਤੀਆਂ ਵੱਲੋਂ ਮੀਂਹ ਤੋਂ ਬਚਾਉਣ ਲਈ ਤਰਪਾਲਾਂ ਨਾਲ ਢਕਣ ਦੀ ਕੋਸ਼ਿਸ਼ ਕੀਤੀ ਗਈ ਪਰ ਮੀਂਹ ਦਾ ਪਾਣੀ ਢੇਰੀਆਂ ਦੇ ਥੱਲਿਉਂ ਲੰਘ ਰਿਹਾ ਸੀ। ਇਸ ਖੇਤਰ ਦੀਆਂ ਹੋਰਨਾਂ ਮੰਡੀਆਂ ਵਿਚ ਵੀ ਕਣਕ ਦੀਆਂ ਬੋਰੀਆਂ ਤੇ ਢੇਰੀਆਂ ਮੀਂਹ ਵਿੱਚ ਬਿਨ੍ਹਾਂ ਤਿਰਪਾਲਾਂ ਤੋਂ ਹੀ ਭਿੱਜਦੀਆਂ ਰਹੀਆਂ।
ਕੁਰਾਲੀ (ਮਿਹਰ ਸਿੰਘ): ਖੇਤਰ ਵਿਚ ਪਿਛਲੇ ਦੋ ਦਿਨਾਂ ਤੋਂ ਵਿਗੜੇ ਮੌਸਮ ਦੇ ਮਿਜ਼ਾਜ ਅਤੇ ਅੱਜ ਹੋਈ ਬਾਰਿਸ਼ ਨੇ ਅੰਨਦਾਤੇ ਦੀ ਪ੍ਰੇਸ਼ਾਨੀ ਹੋਰ ਵਧਾ ਦਿੱਤੀ ਹੈ। ਅੱਜ ਬਾਅਦ ਦੁਪਹਿਰ ਹੋਈ ਬਾਰਿਸ਼ ਨੇ ਕਣਕ ਦੀ ਕਟਾਈ ਅਤੇ ਕਢਾਈ ਦੇ ਕੰਮ ਨੂੰ ਬਰੇਕਾਂ ਲਗਾ ਦਿੱਤੀਆਂ ਹਨ। ਮੀਂਹ ਕਾਰਨ ਸ਼ਹਿਰ ਦੀ ਅਨਾਜ ਮੰਡੀ ਵਿੱਚ ਆਈ ਫ਼ਸਲ ਨੂੰ ਸੰਭਾਲਣ ਲਈ ਵੀ ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਨੂੰ ਮੁਸ਼ੱਕਤ ਕਰਨੀ ਪਈ। ਖੇਤਰ ਵਿਚ ਪਿਛਲੇ ਕੁਝ ਦਿਨਾਂ ਤੋਂ ਮੌਸਮ ਦੀ ਲਗਾਤਾਰ ਚਲੀ ਆ ਰਹੀ ਖਰਾਬੀ ਮਗਰੋਂ ਅੱਜ ਬਾਅਦ ਦੁਪਹਿਰ ਅਚਾਨਕ ਪਏ ਮੀਂਹ ਕਾਰਨ ਖੇਤਰ ਵਿੱਚ ਕਣਕ ਦੀ ਕਟਾਈ ਤੇ ਕਢਾਈ ਦਾ ਕੰਮ ਪ੍ਰਭਾਵਿਤ ਹੋਇਆ। ਕੁਝ ਇਲਾਕਿਆਂ ਵਿੱਚ ਹਲਕੇ ਗੜ੍ਹੇ ਵੀ ਪਏ। ਪਰਵਾਸੀ ਮਜ਼ਦੂਰਾਂ ਦੀ ਘਾਟ ਅਤੇ ਬਦਲਦੇ ਮੌਸਮ ਨੇ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ।
ਨਵੀਂ ਮੰਡੀ ਛੋਟੀ ਹੋਣ ਬਡਾਲੀ ਰੋਡ ਅਤੇ ਬਾਈਪਾਸ ਨੇੜੇ ਖੇਤਾਂ ਵਿੱਚ ਜ਼ਮੀਨ ਕਿਰਾਏ ’ਤੇ ਲੈ ਕੇ ਆੜ੍ਹਤੀ ਕੱਚੇ ਫੜ੍ਹਾਂ ਵਿੱਚ ਮੰਡੀ ਚਲਾਉਣ ਲਈ ਮਜਬੂਰ ਹਨ। ਕੱਚੇ ਫੜ੍ਹ ਵਿੱਚ ਪੁੱਜ ਕਣਕ ਦੀ ਫਸਲ ਅਤੇ ਭਰੀਆਂ ਕਣਕ ਦੀਆਂ ਬੋਰੀਆਂ ਅੱਜ ਬਾਰਿਸ਼ ਵਿੱਚ ਹੀ ਭਿੱਜਦੀਆਂ ਰਹੀਆਂ। ਕਾਮਿਆਂ ਨੂੰ ਬੋਰੀਆਂ ਥੱਲਿਓਂ ਪਾਣੀ ਕੱਢਣ ਲਈ ਕਾਫੀ ਮੁਸ਼ੱਕਤ ਕਰਨੀਂ ਪਈ।
ਕਿਸਾਨ ਹਰਪਾਲ ਸਿੰਘ, ਰਾਮ ਸਿੰਘ, ਸੱਜਣ ਸਿੰਘ, ਕੁਲਵੰਤ ਸਿੰਘ ਅਤੇ ਆੜ੍ਹਤੀਆਂ ਨੇ ਕਿਹਾ ਕਿ ਲੰਮੇ ਸਮੇਂ ਬਾਅਦ ਸ਼ਹਿਰ ਵਿੱਚ ਬਣੀ ਅਨਾਜ ਮੰਡੀ ਨਾਕਾਫ਼ੀ ਅਤੇ ਸਹੂਲਤਾਂ ਤੋਂ ਸੱਖਣੀ ਹੈ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਵਧੀਆ ਝਾੜ ਹੋਣ ਦੀ ਉਮੀਦ ਸੀ ਪਰ ਮੌਸਮ ਨੇ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ।

ਹਨੇਰੀ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ

ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਨਿਊ ਚੰਡੀਗੜ੍ਹ ਇਲਾਕੇ ਦੇ ਪਿੰਡ ਮੁੱਲਾਂਪੁਰ ਗਰੀਬਦਾਸ, ਨਵਾਂ ਗਾਉਂ ਇਲਾਕੇ ਵਿੱਚ ਅੱਜ ਬਾਅਦ ਦੁਪਹਿਰ ਵੇਲੇ ਹਨੇਰੀ ਦੇ ਨਾਲ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ, ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ, ਜਦਕਿ ਇਸ ਦੌਰਾਨ ਬਿਜਲੀ ਸਪਲਾਈ ਠੱਪ ਹੋ ਗਈ। ਇਸੇ ਤਰ੍ਹਾਂ ਇਲਾਕੇ ਦੇ ਖੇਤਾਂ ਵਿੱਚ ਖੜੀ ਪੱਕੀ ਕਣਕ ਦੀ ਫ਼ਸਲ ਨੂੰ ਕੱਟ ਰਹੇ ਲੋਕਾਂ ਉਤੇ ਮੀਂਹ ਪੈਣ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੇਜ਼ ਹਵਾਵਾਂ ਕਾਰਨ ਕਈ ਥਾਈਂ ਕਣਕ ਦਾ ਨਾੜ ਉੱਡ ਗਿਆ ਅਤੇ ਕਈ ਥਾਂ ਮੀਂਹ ਕਾਰਨ ਫ਼ਸਲ ਭਿੱਜ ਗਈ। ਕਈ ਕਿਸਾਨਾਂ ਨੇ ਹੜੰਬਿਆਂ ਨਾਲ ਕਣਕ ਕਢਵਾ ਲਈ ਹੈ ਪਰ ਤੂੜੀ ਅਜੇ ਖੇਤਾਂ ਵਿੱਚ ਪਈ ਹੈ। ਕਿਸਾਨਾਂ ਅਨੁਸਾਰ ਜੇਕਰ ਰਾਤ ਨੂੰ ਵੀ ਮੀਂਹ ਪੈਂਦਾ ਹੈ ਤਾਂ ਕਣਕ ਦੀ ਕਟਾਈ ਇੱਕ-ਦੋ ਦਿਨ ਲਈ ਪੱਛੜ ਜਾਵੇਗੀ।

Advertisement
Author Image

sukhwinder singh

View all posts

Advertisement
Advertisement
×