For the best experience, open
https://m.punjabitribuneonline.com
on your mobile browser.
Advertisement

ਤਿੰਨ ਘੰਟਿਆਂ ਦੀ ਥਾਂ ਹੁਣ ਦਿਨ ਭਰ ਦੀ ਹੜਤਾਲ ’ਤੇ ਗਏ ਡਾਕਟਰ

07:07 AM Sep 13, 2024 IST
ਤਿੰਨ ਘੰਟਿਆਂ ਦੀ ਥਾਂ ਹੁਣ ਦਿਨ ਭਰ ਦੀ ਹੜਤਾਲ ’ਤੇ ਗਏ ਡਾਕਟਰ
ਸੰਗਰੂਰ ਸਿਵਲ ਹਸਪਤਾਲ ਵਿੱਚ ਖਾਲੀ ਪਿਆ ਪਰਚੀ ਕਾਊਂਟਰ।
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 12 ਸਤੰਬਰ
ਰੁਕੀਆਂ ਤਰੱਕੀਆਂ ਅਤੇ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਸਣੇ ਹੋਰ ਮੰਗਾਂ ਲਈ ਪੰਜਾਬ ਭਰ ਦੇ ਸਰਕਾਰੀ ਡਾਕਟਰਾਂ ਨੇ ਨੌਂ ਤੋਂ 11 ਸਤੰਬਰ ਤੱਕ ਤਾਂ ਰੋਜ਼ਾਨਾ ਸਵੇਰੇ 8 ਤੋਂ 11 ਵਜੇ ਤੱਕ ਓਪੀਡੀ ਬੰਦ ਕਰਕੇ ਕੰਮ ਦਾ ਬਾਈਕਾਟ ਰੱਖਿਆ ਪਰ ਸਰਕਾਰ ਦੇ ਅੜੀਅਲ ਰਵੱਈਏ ਦਾ ਗੰਭੀਰ ਨੋਟਿਸ ਲੈਂਦਿਆਂ ਪ੍ਰਦਰਸ਼ਨਕਾਰੀ ਡਾਕਟਰ ਅੱਜ ਤਿੰਨ ਘੰਟਿਆਂ ਦੀ ਥਾਂ ਦਿਨ ਭਰ ਹੜਤਾਲ ’ਤੇ ਰਹੇ।

Advertisement

ਪਟਿਆਲਾ ਦੇ ਸਿਵਲ ਸਰਜਨ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ ਡਾਕਟਰ।

ਇਸ ਦੌਰਾਨ ਐਮਰਜੈਂਸੀ ਸੇਵਾਵਾਂ ਤੋਂ ਬਿਨਾਂ ਓਪੀਡੀਜ਼ ਦਾ ਬਾਕੀ ਕੰਮ ਪੂਰੀ ਤਰ੍ਹਾਂ ਠੱੱਪ ਰਿਹਾ। ਹੜਤਾਲ ਦੀ ਅਗਵਾਈ ਕਰ ਰਹੀ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼਼ ਐਸੋਸੀਏਸ਼ਨ (ਪੀਸੀਐੱਮਐੱਸਏ) ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਡਾ. ਸੁਮਿਤ ਸਿੰਘ ਦੀ ਅਗਵਾਈ ਹੇਠਾਂ ਡਾਕਟਰਾਂ ਵੱਲੋਂ ਜ਼ਿਲ੍ਹੇ ਭਰ ਦੇ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ’ਚ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਭੰਡਿਆ। ਮਾਤਾ ਕੁਸ਼ੱਲਿਆ ਜ਼ਿਲ੍ਹਾ ਹਸਪਤਾਲ ਵਿੱਚ ਵੱਡੀ ਗਿਣਤੀ ਮਰੀਜ਼ ਖੱਜਲ-ਖੁਆਰ ਹੋਏ। ਭਾਵੇਂ ਕਈ ਮਰੀਜ਼ ਡਾਕਟਰਾਂ ਨੂੰ ਕੋਸਦੇ ਨਜ਼ਰ ਆਏ ਪਰ ਡਾਕਟਰਾਂ ਵੱਲੋਂ ਆਪਣੀ ਗੱਲ ਰੱਖਣ ’ਤੇ ਕਈ ਮਰੀਜ਼ ਸਰਕਾਰ ਖ਼ਿਲਾਫ਼ ਡਾਕਟਰਾਂ ਦੇ ਇਸ ਸੰਘਰਸ਼ ਦੀ ਹਮਾਇਤ ’ਚ ਵੀ ਉਤਰ ਆਏ। ਡਾਕਟਰਾਂ ਦੀ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਡਾ. ਸੁਮਿਤ ਸਿੰਘ, ਜਨਰਲ ਸਕੱਤਰ ਡਾ. ਪ੍ਰਵੇਜ ਫਰੂਕੀ, ਡਾ. ਵਿਕਾਸ ਗੋਇਲ ਅਤੇ ਡਾ. ਨਿਧੀ ਸ਼ਰਮਾ ਨੇ ਵੀ ਹੜਤਾਲੀ ਡਾਕਟਰਾਂ ਅਤੇ ਮਰੀਜ਼ਾਂ ਨਾਲ ਗੱਲਬਾਤ ਕੀਤੀ।
ਪ੍ਰਦਰਸ਼ਨਕਾਰੀ ਡਾਕਟਰਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਡਾ. ਸੁਮਿਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਦੀ ਗੱਲਬਾਤ ਦੌਰਾਨ ਸਰਕਾਰ ਵੱਲੋਂ ਤਿੰਨ ਮਹੀਨਿਆਂ ਦਾ ਸਮਾਂ ਮੰਗਿਆ ਜਾ ਰਿਹਾ ਹੈ, ਜਦਕਿ ਇਹ ਸਾਰੇ ਤੁਰੰਤ ਐਕਸ਼ਨ ਲੈਣ ਵਾਲੇ ਕਾਰਜ ਹਨ। ਉਨ੍ਹਾਂ ਨੂੰ ਮਜਬੂਰੀਵੱਸ ਹੁਣ ਦਿਨ ਭਰ ਦੀ ਹੜਤਾਲ ਦਾ ਫ਼ੈਸਲਾ ਲੈਣਾ ਪਿਆ ਹੈ।
ਇਸੇ ਦੌਰਾਨ ਜਮਹੂਰੀ ਅਧਿਕਾਰ ਸਭਾ ਦੇ ਆਗੂ ਵਿਧੂ ਸ਼ੇਖਰ ਭਾਰਦਵਾਜ, ਜਗਮੋਹਣ ਉਪਲ, ਜਗਸੀਰ ਲਾਟੀ, ਪਰਮਿੰਦਰ ਅੜਕਵਾਸ, ਹੈਪੀ ਅੜਕਵਾਸ, ਐਡਵੋਕੇਟ ਕੁਲਦੀਪ ਘੁੰਮਣ, ਐਡਵੋਗੇਟ ਰਾਜੀਵ ਲੋਹਟਬੱਦੀ ਸਮੇਤ ਭਾਜਪਾ ਆਗੂ ਹਰਵਿੰਦਰ ਹਰਪਾਲਪੁਰ, ਜਸਪਾਲ ਗਗਰੌਲੀ, ਲਾਲਜੀਤ ਲਾਲੀ, ਅਕਾਲੀ ਆਗੂ ਸ਼ਰਨਜੀਤ ਜੋਗੀਪੁਰ, ਕਿਸਾਨ ਨੇਤਾ ਜਸਦੇਵ ਨੂਗੀ ਤੇ ਹਰਦੀਪ ਸੇਹਰਾ ਲਖਵੀਰ ਲੌਟ, ਪੰਮਾ ਪਨੌਦੀਆਂ ਅਤੇ ਰਵਿੰਦਰ ਕਾਲਵਾ ਨੇ ਵੱਖੋ ਵੱਖਰੇ ਬਿਆਨ ਜਾਰੀ ਕਰਕੇ ਪੰਜਾਬ ਸਰਕਾਰ ਤੋਂ ਡਾਕਟਰਾਂ ਦੀਆਂ ਮੰਗਾਂ ਮੰਨਣ ’ਤੇ ਜ਼ੋਰ ਦਿੱਤਾ ਹੈ।
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਸਿਵਲ ਹਸਪਤਾਲ ਵਿੱਚ ਡਾਕਟਰਾਂ ਵੱਲੋਂ ਓਪੀਡੀਜ਼ ਸੇਵਾਵਾਂ ਮੁਕੰਮਲ ਬੰਦ ਰਹੀਆਂ। ਰੋਜ਼ਾਨਾ ਵਾਂਗ ਮਰੀਜ਼ ਪਰਚੀ ਕਟਵਾਉਣ ਲਈ ਖਿੜਕੀ ’ਤੇ ਗਏ ਤਾਂ ਜਵਾਬ ਮਿਲਿਆ ਕਿ ਡਾਕਟਰ ਹੜਤਾਲ ’ਤੇ ਹਨ। ਕੁਝ ਮਰੀਜ਼ ਘਰਾਂ ਨੂੰ ਪਰਤ ਗਏ ਤੇ ਕੁਝ ਨੂੰ ਨਿੱਜੀ ਹਸਪਤਾਲਾਂ ਵਿੱਚ ਮਹਿੰਗਾ ਇਲਾਜ ਕਰਵਾਉਣ ਲਈ ਮਜਬੂਰ ਹੋਣਾ ਪਿਆ। ਉਂਜ ਐਮਰਜੈਂਸੀ ਵਿਭਾਗ ਚੱਲਦਾ ਰਿਹਾ। ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ. ਹੇਮੰਤ ਸਿੰਗਲਾ ਨੇ ਕਿਹਾ ਕਿ ਇਹ ਹੜਤਾਲ 15 ਸਤੰਬਰ ਤੱਕ ਜਾਰੀ ਰਹੇਗੀ।

Advertisement

ਸੰਗਰੂਰ ਸਿਵਲ ਹਸਪਤਾਲ ਵਿੱਚ ਪੱਸਰੀ ਸੁੰਨ

ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਡਾਕਟਰਾਂ ਦੀ ਉਡੀਕ ਕਰਦੇ ਹੋਏ ਮਰੀਜ਼। -ਫੋਟੋ: ਰਾਜੇਸ਼ ਸੱਚਰ

ਸੰਗਰੂਰ (ਗੁਰਦੀਪ ਸਿੰਘ ਲਾਲੀ): ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦੇ ਸੱਦੇ ’ਤੇ ਸਿਵਲ ਹਸਪਤਾਲ ਅਤੇ ਸਰਕਾਰੀ ਸਿਹਤ ਕੇਂਦਰਾਂ ਵਿਚ ਡਾਕਟਰਾਂ ਵਲੋਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦਿੰਦਿਆਂ ਅੱਜ ਓਪੀਡੀ ਸੇਵਾਵਾਂ ਮੁਕੰਮਲ ਰੂਪ ਵਿਚ ਬੰਦ ਕਰਕੇ ਸਿਵਲ ਹਸਪਤਾਲ ਵਿਚ ਰੋਸ ਧਰਨਾ ਦਿੱਤਾ ਗਿਆ। ਓਪੀਡੀ ਸੇਵਾਵਾਂ ਸਾਰਾ ਦਿਨ ਬੰਦ ਰਹਿਣ ਕਾਰਨ ਮਰੀਜ਼ਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਮਰੀਜ਼ ਬੰਦ ਓਪੀਡੀ ਤੋਂ ਨਿਰਾਸ਼ ਹੋ ਕੇ ਵਾਪਸ ਪਰਤਦੇ ਰਹੇ। ਓਪੀਡੀ ਵਾਲੇ ਡਾਕਟਰਾਂ ਦੇ ਕਮਰਿਆਂ ਅੱਗੇ ਅੱਜ ਪੂਰੀ ਤਰ੍ਹਾਂ ਸੰਨਾਟਾ ਸੀ। ਨਸ਼ਾ ਛੁਡਾਊ ਕੇਂਦਰ ਵਿਚ ਦਵਾਈ ਲੈਣ ਪੁੱਜ ਰਹੇ ਮਰੀਜ਼ਾਂ ਦੇ ਵੀ ਪੱਲ੍ਹੇ ਕੁੱਝ ਨਹੀਂ ਪਿਆ। ਹਾਲਾਂਕਿ ਐਮਰਜੈਂਸੀ ਸੇਵਾਵਾਂ ਜਾਰੀ ਰਹੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਹੈਡਕੁਆਟਰ ਦੇ ਸਿਵਲ ਹਸਪਤਾਲ ਵਿਚ ਓ.ਪੀ.ਡੀ. ਸੇਵਾਵਾਂ ਹਾਸਲ ਕਰਨ ਵਾਲੇ ਮਰੀਜ਼ਾਂ ਦੀ ਗਿਣਤੀ 1200 ਦੇ ਕਰੀਬ ਹੈ। ਪਿਛਲੇ ਤਿੰਨ ਦਿਨ ਅੱਧੇ ਦਿਨ ਲਈ ਠੱਪ ਰਹੀਆਂ ਓਪੀਡੀ ਸੇਵਾਵਾਂ ਕਾਰਨ ਗਿਣਤੀ ਘੱਟ ਕੇ ਲਗਭਗ 400/500 ਰਹਿ ਗਈ ਸੀ ਪਰ ਅੱਜ ਚੌਥੇ ਦਿਨ ਓਪੀਡੀ ਸੇਵਾਵਾਂ ਪੂਰਾ ਦਿਨ ਬੰਦ ਰਹੀਆਂ। ਰੋਸ ਧਰਨੇ ਦੌਰਾਨ ਹੜਤਾਲੀ ਡਾਕਟਰਾਂ ਇੰਦਰਮਨਜੋਤ ਸਿੰਘ, ਡਾ. ਦਿਨੇਸ਼, ਡਾ. ਰਾਹੁਲ, ਡਾ. ਹਰਬੰਸ ਸਿੰਘ, ਡਾ. ਦਵਿੰਦਰ, ਡਾ. ਪੂਨਮ, ਡਾ. ਵਰਿੰਦਰ ਸਿੰਘ, ਡਾ. ਕਪਿਲ ਨੇ ਸ਼ਿਰਕਤ ਕੀਤੀ। ਇਨ੍ਹਾਂ ਤੋਂ ਇਲਾਵਾ ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਮਰੀਜ਼ਾਂ ਨੇ ਵੀ ਧਰਨੇ ’ਚ ਸ਼ਾਮਲ ਹੁੰਦਿਆਂ ਡਾਕਟਰਾਂ ਦੀਆਂ ਮੰਗਾਂ ਦੀ ਹਮਾਇਤ ਕੀਤੀ।

Advertisement
Author Image

sukhwinder singh

View all posts

Advertisement