ਨਵੇਂ ਫੋਕਲ ਪੁਆਇੰਟ ਉਸਾਰਨ ਦੀ ਥਾਂ ਪੁਰਾਣਿਆਂ ਨੂੰ ਵਿਕਸਤ ਕਰਨ ਦੀ ਮੰਗ ਉੱਠੀ
ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 1 ਸਤੰਬਰ
ਕੇਂਦਰ ਅਤੇ ਪੰਜਾਬ ਸਰਕਾਰ ਵਿੱਚ ਮੁਹਾਲੀ ਵਿੱਚ ਬੰਦ ਸਨਅਤਾਂ ਨੂੰ ਮੁੜ ਚਲਾਉਣ ਲਈ ਗੰਭੀਰ ਨਹੀਂ ਹੈ ਜਦੋਂਕਿ ਆਏ ਦਿਨ ਨਵੇਂ ਯੂਨਿਟ ਸਥਾਪਿਤ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਨਿਰਧਾਰਿਤ ਸਮੇਂ ਵਿੱਚ ਉਦਯੋਗ ਦੀ ਸਥਾਪਨਾ ਨਾ ਹੋਣ ਕਾਰਨ ਬਹੁਤ ਸਾਰੇ ਸਨਅਤੀ ਪਲਾਟ ਗਮਾਡਾ ਵੱਲੋਂ ਜ਼ਬਤ ਵੀ ਕੀਤੇ ਜਾ ਚੁੱਕੇ ਹਨ।
ਮੁਹਾਲੀ ਦੇ ਸਾਬਕਾ ਕੌਂਸਲਰ ਅਤੇ ਪੰਜਾਬੀ ਸਭਿਆਚਾਰ ਅਤੇ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸਤਵੀਰ ਸਿੰਘ ਧਨੋਆ ਨੇ ਕੇਂਦਰ ਸਰਕਾਰ ਵੱਲੋਂ ਹਾਲ ਹੀ ਵਿੱਚ ਰਾਜਪੁਰਾ ਵਿੱਚ ਨਵਾਂ ਫੋਕਲ ਪੁਆਇੰਟ ਬਣਾਏ ਜਾਣ ਦੀ ਤਜਵੀਜ਼ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਨਵੇਂ ਫੋਕਲ ਪੁਆਇੰਟਾਂ ਦੀ ਉਸਾਰੀ ਦੀ ਥਾਂ ਪੁਰਾਣਿਆਂ ਨੂੰ ਵਿਕਸਤ ਕੀਤਾ ਜਾਵੇ। ਸਰਕਾਰ ਨੂੰ ਨਵੇਂ ਫੋਕਲ ਪੁਆਇੰਟ ਬਣਾਉਣ ਤੋਂ ਪਹਿਲਾਂ ਪੁਰਾਣੇ ਫੋਕਲ ਪੁਆਇੰਟਾਂ ਜਾਂ ਉਨ੍ਹਾਂ ਲਈ ਖ਼ਰੀਦੀ ਜ਼ਮੀਨ ਦਾ ਸਰਵੇਖਣ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜ ਦਹਾਕੇ ਪਹਿਲਾਂ ਬਣਾਏ ਫੋਕਲ ਪੁਆਇੰਟਾਂ ਵਿੱਚ ਵੱਡੀ ਗਿਣਤੀ ’ਚ ਵੱਡੇ ਪਲਾਟ ਪਹਿਲੇ ਦਿਨ ਤੋਂ ਹੀ ਖਾਲੀ ਪਏ ਹਨ। ਇੱਥੇ ਯੂਨਿਟ ਸਥਾਪਤ ਕਰਨ ਲਈ ਹੁਣ ਤੱਕ ਇੱਕ ਇੱਟ ਵੀ ਨਹੀਂ ਲੱਗੀ।
ਉਨ੍ਹਾਂ ਦੱਸਿਆ ਕਿ ਮੁਹਾਲੀ ਵਿੱਚ ਪੰਜ-ਪੰਜ ਏਕੜ ਅਤੇ ਇਸ ਤੋਂ ਵੱਡੇ ਕਈ ਅਜਿਹੇ ਸਨਅਤੀ ਪਲਾਟ ਹਨ, ਜੋ ਖਾਲੀ ਹਨ। ਇਨ੍ਹਾਂ ’ਚੋਂ ਜ਼ਿਆਦਾਤਰ ਪਲਾਟਾਂ ਦੇ ਮਾਲਕਾਂ ਨੇ ਅਧ-ਪਚੱਧੀ ਇਮਾਰਤ ਬਣਾ ਕੇ ਉਸੇ ਤਰ੍ਹਾਂ ਛੱਡ ਦਿੱਤੀ ਜਿੱਥੇ ਗੰਦਗੀ ਫੈਲੀ ਹੋਈ ਹੈ। ਇਸ ਕਾਰਨ ਸ਼ਹਿਰ ਵਿੱਚ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਫੋਕਲ ਪੁਆਇੰਟਾਂ ਦਾ ਅਸਲ ਮੰਤਵ ਉਸ ਖ਼ਿੱਤੇ ਦੇ ਲੋਕਾਂ ਨੂੰ ਰੁਜ਼ਗਾਰ ਦੇ ਕੇ ਖ਼ੁਸ਼ਹਾਲੀ ਲਿਆਉਣਾ ਹੈ ਪਰ ਜਦੋਂ ਉਦਯੋਗ ਹੀ ਨਹੀਂ ਲੱਗੇ ਤਾਂ ਰੁਜ਼ਗਾਰ ਕਿੱਥੋਂ ਮਿਲਣਾ ਸੀ। ਉਨ੍ਹਾਂ ਮੰਗ ਕੀਤੀ ਹੈ ਕਿ ਇਨ੍ਹਾਂ ਬੰਦ ਪਏ ਪਲਾਟਾਂ ਨੂੰ ਸਰਕਾਰ ਜ਼ਬਤ ਕਰੇ ਤੇ ਨਵੇਂ ਸਿਰਿਓਂ ਅਲਾਟਮੈਂਟ ਕੀਤੀ ਜਾਵੇ।
ਸਾਬਕਾ ਕੌਂਸਲਰ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਮੁਹਾਲੀ ਜ਼ਿਲ੍ਹੇ ਵਿੱਚ ਫੋਕਲ ਪੁਆਇੰਟਾਂ ਅਤੇ ਸਨਅਤੀ ਖੇਤਰਾਂ ਦਾ ਸਰਵੇ ਕਰਵਾ ਕੇ ਇਸ ਗੱਲ ਦਾ ਪਤਾ ਲਗਾਇਆ ਜਾਵੇ ਕਿ ਇਸ ਸਮੇਂ ਕਿੰਨੇ ਫੋਕਲ ਪੁਆਇੰਟ ਚੱਲ ਰਹੇ ਹਨ, ਉਨ੍ਹਾਂ ਵਿੱਚ ਪੰਜਾਬੀ ਵਰਕਰਾਂ ਦੀ ਪ੍ਰਤੀਸ਼ਤਤਾ ਕਿੰਨੀ ਹੈ। ਕਿਉਂਕਿ ਜਿਸ ਖ਼ਿੱਤੇ ਦੀ ਜ਼ਮੀਨ ਲੈਣੀ ਹੁੰਦੀ ਹੈ, ਉਸ ਖ਼ਿੱਤੇ ਦੇ ਨੌਜਵਾਨਾਂ ਨੂੰ ਪਹਿਲ ਦੇ ਆਧਾਰ ’ਤੇ ਰੁਜ਼ਗਾਰ ਦੇ ਮੌਕੇ ਹੋਣੇ ਚਾਹੀਦੇ ਹਨ। ਉਨ੍ਹਾਂ ਮੰਗ ਪੱਤਰ ਰਾਹੀਂ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕੇ 4-5 ਦਹਾਕੇ ਪਹਿਲਾਂ ਮੁਹਾਲੀ ਸਣੇ ਹੋਰਨਾਂ ਸ਼ਹਿਰਾਂ ਵਿੱਚ ਫੋਕਲ ਪੁਆਇੰਟ ਬਣਾਉਣ ਲਈ ਵੱਡੇ-ਵੱਡੇ ਪਲਾਟ ਕੱਟੇ ਗਏ ਸਨ। ਇਸ ਸਬੰਧੀ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਐਕੁਆਇਰ ਕੀਤੀਆਂ ਗਈਆਂ ਸਨ। ਕਿਸਾਨਾਂ ਨੂੰ ਇਨ੍ਹਾਂ ਸਨਅਤੀ ਫੋਕਲ ਪੁਆਇੰਟਾਂ ਵਿੱਚ ਰੁਜ਼ਗਾਰ ਦੇਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਸਾਰੇ ਵਾਅਦੇ ਹਵਾ ਵਿੱਚ ਉੱਡ ਗਏ।