ਟਰੂਡੋ ਦੇ ਦੋਸ਼ਾਂ ਦਾ ਜਵਾਬ ਦੇਣ ਦੀ ਥਾਂ ਸਿੱਖਾਂ ਨੂੰ ਅਤਿਵਾਦੀ ਦੱਸਿਆ ਜਾ ਰਿਹੈ: ਗਿਆਨੀ ਹਰਪ੍ਰੀਤ ਸਿੰਘ
ਪੱਤਰ ਪ੍ਰੇਰਕ
ਜਲੰਧਰ, 26 ਸਤੰਬਰ
ਜਸਟਿਨ ਟਰੂਡੋ ਵੱਲੋਂ ਹਰਦੀਪ ਸਿੰਘ ਨਿੱਝਰ ਦੇ ਕਤਲ ਸਬੰਧੀ ਭਾਰਤੀ ਏਜੰਸੀਆਂ ਦਾ ਜ਼ਿਕਰ ਕਰਨ ਮਗਰੋਂ ਸੰਸਾਰ ਭਰ ਵਿਚ ਇਸ ਮਸਲੇ ਨੂੰ ਲੈ ਕੇ ਬਣੇ ਹਾਲਾਤ ਉਤੇ ਸਿੱਖ ਨਜ਼ਰੀਏ ਤੋਂ ਵਿਚਾਰ ਚਰਚਾ ਕਰਨ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਦੀ ਅਗਵਾਈ ਵਿੱਚ ਇਕੱਤਰਤਾ ਇੱਥੋਂ ਦੇ ਗੁਰਦਆਰਾ ਨੌਵੀਂ ਪਾਤਸ਼ਾਹੀ ਜੀਟੀਬੀ ਨਗਰ ਵਿੱਚ ਹੋਈ। ਇਸ ਮੌਕੇ ਜਥੇਦਾਰ ਨੇ ਕਿਹਾ ਕਿ ਭਾਈ ਨਿੱਝਰ ਦੇ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਭਾਰਤ ਸਰਕਾਰ ਤੇ ਭਾਰਤੀ ਮੀਡੀਆ ਨੇ ਸਚਾਈ ਦੱਸਣ ਦੀ ਥਾਂ ਭਾਈ ਨਿੱਝਰ ਸਣੇ ਸਮੁੱਚੀ ਸਿੱਖ ਕੌਮ ਨੂੰ ਹੀ ਅਤਿਵਾਦੀ-ਵੱਖਵਾਦੀ ਗਰਦਾਨ ਕੇ ਸਿੱਖ ਕੌਮ ਖ਼ਿਲਾਫ਼ ਨਫ਼ਰਤ ਅਤੇ ਡਰ ਦਾ ਮਾਹੌਲ ਸਿਰਜਿਆ। ਇਸ ਬਿਰਤਾਂਤ ਵਿੱਚ ਭਾਰਤੀ ਮੀਡੀਆ ਦੇ ਨਾਲ ਨਾਲ ਪੰਜਾਬੀ ਮੀਡੀਆ ਨੇ ਵੀ ਸਰਕਾਰ ਦਾ ਹੀ ਪੱਖ ਰੱਖਿਆ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਵੱਖਵਾਦੀ ਵਿਚਾਰ ਰੱਖਣ ਵਾਲੇ ਵਿਦੇਸ਼ੀ ਸਿੱਖਾਂ ਦੀ ਜਾਇਦਾਦ ਜ਼ਬਤ ਕਰਨ ਅਤੇ ਓਸੀਆਈ ਕਾਰਡ ਰੱਦ ਕਰਨ ਦੀਆਂ ਕੋਝੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਦੂਜੇ ਪਾਸੇ ਸਿੱਖ ਕਤਲੇਆਮ ਦੇ ਦੋਸ਼ੀਆਂ ਤੇ ਅਪਰਾਧਿਕ ਮਾਮਲਿਆਂ ਦੇ ਮੁਲਜ਼ਮਾਂ ਦੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ।