ਚਿੰਤਪੁਰਨੀ ਮੇਲੇ ਦੇ ਸ਼ਰਧਾਲੂਆਂ ਲਈ ਲੰਗਰ ਲਗਾਏ
ਜਲੰਧਰ: ਸਾਵਨ ਅਸ਼ਟਮੀ ਦੇ ਮਾਤਾ ਚਿੰਤਪੁਰਨੀ ਦੇ ਮੇਲੇ ਦੌਰਾਨ ਰਸਤੇ ਵਿਚ ਵੱਖ ਵੱਖ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਸੰਗਤ ਲਈ ਵੱਖ ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ। ਇਥੋਂ ਦੇ ਰਾਮਾਂਮਡੀ ਚੌਕ ਤੋਂ ਢੱਡਾ, ਕੰਗਣੀਵਾਲ, ਹਜ਼ਾਰਾ, ਜੰਡੂਸਿੰਘਾ, ਮਦਾਰ, ਚੂਹੜਵਾਲੀ, ਉਦੇਸੀਆਂ, ਆਦਮਪੁਰ, ਗਾਜੀਪੁਰ, ਕਠਾਰ, ਕੂਪੁਰ, ਨਸਰਾਲਾ, ਹੁਸ਼ਿਆਰਪੁਰ, ਆਦਮਵਾਲ, ਚੋਹਾਲ ਅਤੇ ਮੰਗੂਵਾਲ (ਪੰਜਾਬ ਦੀ ਹੱਦ) ਤੱਕ 100 ਤੋਂ ਵੱਧ ਲੰਗਰ ਲਗਾਏ ਗਏ। ਇਨ੍ਹਾਂ ਲੰਗਰਾਂ ਵਿਚ ਸੰਗਤਾਂ ਲਈ ਬੈਠਣ ਅਤੇ ਅਰਾਮ ਕਰਨ ਦਾ ਖਾਸ ਪ੍ਰਬੰਧ ਕੀਤਾ ਗਿਆ। ਆਦਮਪੁਰ ਵਿਖੇ ਜਾਗ੍ਰਿਤੀ ਕਲੱਬ ਵਲੋਂ ਇਲਾਕੇ ਦੀ ਧਾਰਮਿਕ ਸ਼ਖਸੀਅਤ ਬੀਬੀ ਸ਼ਰੀਫਾਂ ਦੀ ਸਰਪ੍ਰਸਤੀ ਹੇਠ ਅਤੇ ਪ੍ਰਧਾਨ ਮਨਮੋਹਨ ਸਿੰਘ ਬਾਬਾ ਦੀ ਦੇਖ ਰੇਖ ਲੰਗਰ ਕਰਵਲ ਪੈਲੇਸ ਵਿਚ ਲਗਾਇਆ ਗਿਆ ਜਿਸ ਵਿਚ ਸੰਗਤਾਂ ਦੇ ਅਰਾਮ ਕਰਨ ਤੋਂ ਇਲਾਵਾ ਨਹਾਉਣ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਮੌਕੇ ਵੱਖ ਵੱਖ ਪਾਰਟੀਆਂ ਵਲੋਂ ਮਾਤਾ ਦੀਆਂ ਭੇਟਾਂ ਗਾਈਆਂ। ਸੰਸਥਾਵਾਂ ਦੇ ਵਲੰਟੀਅਰਾਂ ਵਲੋਂ ਆਵਾਜਾਈ ਨੂੰ ਠੀਕ ਢੰਗ ਨਾਲ ਚਲਾਉਣ ਲਈ ਪੰਜਾਬ ਪੁਲੀਸ ਦੇ ਜਵਾਨਾਂ ਦਾ ਸਹਿਯੋਗ ਦਿੱਤਾ। -ਪੱਤਰ ਪ੍ਰੇਰਕ