ਪੰਜਾਬੀ ਮਾਤ ਭਾਸ਼ਾ ਤੇ ਸਿੱਖ ਇਤਿਹਾਸ ਨਾਲ ਜੁੜਨ ਲਈ ਪ੍ਰੇਰਿਆ
ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਅਕਤੂਬਰ
ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ-ਜੋਤਿ ਦਿਵਸ ਅਤੇ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਤਾ-ਗੱਦੀ ਦਿਵਸ ਨੂੰ ਸਮਰਪਿਤ ਪੇਂਟਿੰਗ ਮੁਕਾਬਲੇ ਕਰਵਾਏ ਗਏ। ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ ਵਲੋਂ ਕਰਵਾਏ ‘ਭਾਈ ਵੀਰ ਸਿੰਘ ਮੈਮੋਰੀਅਲ ਅੰਤਰ-ਸਕੂਲ ਪੇਂਟਿੰਗ ਮੁਕਾਬਲਾ-2024’ ਮੁਕਾਬਲੇ ਵਿਚ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।
ਆਰੰਭ ’ਚ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਜੀ ਆਇਆਂ ਕਿਹਾ। ਉਨ੍ਹਾਂ ਬੱਚਿਆਂ ਨੂੰ ਆਪਣੀ ਮਾਤ ਭਾਸ਼ਾ ਪੰਜਾਬੀ, ਸਿੱਖ ਇਤਿਹਾਸ ਅਤੇ ਕਲਾ ਨਾਲ ਜੁੜਨ ਦਾ ਸੁਨੇਹਾ ਦਿੱਤਾ ਜੋ ਇਸ ਪੇਂਟਿੰਗ ਮੁਕਾਬਲੇ ਦਾ ਉਦੇਸ਼ ਵੀ ਹੈ। ਉਨ੍ਹਾਂ ਮੁਕਾਬਲੇ ਦੇ ਜੱਜ ਦਾ ਭਾਈ ਵੀਰ ਸਿੰਘ ਦੀਆਂ ਕਵਿਤਾਵਾਂ ’ਤੇ ਆਧਾਰਿਤ ਪੁਸਤਕ ‘ਕਸ਼ਮੀਰ: ਟੁਕੜੀ ਜਗ ਤੋਂ ਨਿਆਰੀ’ ਨਾਲ ਨਿੱਘਾ ਸਵਾਗਤ ਕੀਤਾ। ਜੂਨੀਅਰ (12-15 ਸਾਲ) ਅਤੇ ਸੀਨੀਅਰ (16-20 ਸਾਲ) ਪੱਧਰ ’ਤੇ ਕਰਵਾਏ ਮੁਕਾਬਲਿਆਂ ’ਚ 38 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੁਕਾਬਲੇ ’ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਸਿੱਖ ਇਤਿਹਾਸ ਨਾਲ ਸਬੰਧਤ ਵਿਸ਼ਿਆਂ ’ਤੇ ਚਿੱਤਰ ਬਣਾਏ।
ਦੱਸਣਯੋਗ ਹੈ ਕਿ ਮੁਕਾਬਲੇ ’ਚ ਸੀਨੀਅਰ ਵਰਗ ’ਚ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲਿਆਂ ਨੂੰ ਕ੍ਰਮਵਾਰ 9000, 7000 ਅਤੇ 5000 ਰੁਪਏ ਅਤੇ ਸਨਮਾਨ ਪੱਤਰ, ਇਸੇ ਤਰ੍ਹਾਂ ਜੂਨੀਅਰ ਸ਼੍ਰੇਣੀ ’ਚ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 5000, 4000 ਅਤੇ 3000 ਰੁਪਏ ਤੇ ਸਨਮਾਨ ਪੱਤਰ ਦਿੱਤੇ ਜਾਣਗੇ। ਇਹ ਇਨਾਮ ਵਿਦਿਆਰਥੀਆਂ ਨੂੰ ਬਾਅਦ ਵਿਚ ਕਰਵਾਏ ਜਾਣ ਵਾਲੇ ਸਮਾਗਮ ’ਚ ਪ੍ਰਦਾਨ ਕੀਤੇ ਜਾਣਗੇ।