For the best experience, open
https://m.punjabitribuneonline.com
on your mobile browser.
Advertisement

ਸਮਾਜ ਲਈ ਪ੍ਰੇਰਨਾਮਈ ਨਾਵਲ

11:36 AM Jul 23, 2023 IST
ਸਮਾਜ ਲਈ ਪ੍ਰੇਰਨਾਮਈ ਨਾਵਲ
Advertisement

ਤੇਜਾ ਸਿੰਘ ਤਿਲਕ

ਪੁਸਤਕ ਪੜਚੋਲ

ਹਥਲਾ ਹਿੰਦੀ ਤੋਂ ਪੰਜਾਬੀ ਵਿੱਚ ਅਨੁਵਾਦਿਤ ਨਾਵਲ ‘ਪਲ ਜੋ ਇੰਜ ਗੁਜ਼ਰੇ’ (ਨਾਵਲਕਾਰ: ਲਾਜਪਤ ਰਾਏ ਗਰਗ; ਹਿੰਦੀ ਤੋਂ ਅਨੁਵਾਦ: ਰਮੇਸ਼ ਸ਼ੌਂਕੀ; ਕੀਮਤ: 400 ਰੁਪਏ; ਦੇਵਸ਼ੀਲਾ ਪਬਲੀਕੇਸ਼ਨਜ਼, ਪਟਿਆਲਾ)­ ਮੂਲ ਲੇਖਕ ਦਾ ਹਿੰਦੀ ਵਿੱਚ ਦੂਜਾ ਨਾਵਲ ਅਤੇ ਅਨੁਵਾਦਕ ਦਾ ਪਹਿਲਾ ਅਨੁਵਾਦ ਹੈ। ਨਾਵਲ ਤੇਤੀ ਛੋਟੇ ਕਾਂਡਾਂ ਵਿੱਚ ਵੰਡਿਆ ਹੋਇਆ ਹੈ।
ਹਰਿਆਣਾ ਦੇ ਸ਼ਹਿਰ ਸਿਰਸਾ ਆ ਵਸੇ ਨਾਵਲ ਦੇ ਨਾਇਕ ਦੇ ਪਾਕਿਸਤਾਨ ਤੋਂ ਸੰਤਾਲੀ ਸਮੇਂ ਉੱਜੜ ਕੇ ਆਏ ਪਰਿਵਾਰ ਦੀ ਕਹਾਣੀ ਪਿਛਲਝਾਤ ਵਿਧੀ ਰਾਹੀਂ ਦੱਸਦਿਆਂ ਉਸ ਦਾ ਮੇਲ-ਜੋਲ ਦਿੱਲੀ ਵਿਖੇ ਹਿਮਾਚਲ ਦੇ ਸ਼ਿਮਲਾ ਦੇ ਸੰਪੰਨ ਪਰਿਵਾਰ ਦੀ ਧੀ ਜਾਨਵੀ ਨਾਲ ਹੋਣ ਤੋਂ ਕਹਾਣੀ ਸ਼ੁਰੂ ਹੁੰਦੀ ਹੈ। ਨਿਰਮਲ ਚੰਡੀਗੜ੍ਹ ਤੋਂ ਲਾਅ ਦੀ ਪੜ੍ਹਾਈ ਕਰ ਰਿਹਾ ਹੈ ਤੇ ਨਾਲ-ਨਾਲ ਦਿੱਲੀ ਦੀ ਪੜ੍ਹਾਈ ਕਰਾਉਂਦੀ ਅਕੈਡਮੀ ਵਿੱਚੋਂ ਕੋਚਿੰਗ ਲੈਣ ਜਾਂਦਾ ਹੈ। ਇੱਥੇ ਹੀ ਜਾਨਵੀ ਤੇ ਉਹ ਮਿਲਦੇ ਹਨ। ਦੋਵੇਂ ਕਮਿਸ਼ਨ ਵੱਲੋਂ ਲਿਖਤੀ ਟੈਸਟ ਤੇ ਇੰਟਰਵਿਊ ਵਿੱਚ ਚੁਣੇ ਜਾਂਦੇ ਹਨ। ਜਾਨਵੀ ਆਈ.ਏ.ਐੱਸ. ਤੇ ਨਿਰਮਲ ਆਈ.ਪੀ.ਐੱਸ. ਬਣ ਜਾਂਦੇ ਹਨ। ਦੋਵਾਂ ਦਾ ਮਾਪਿਆਂ ਦੀ ਆਗਿਆ ਨਾਲ ਵਿਆਹ ਹੋ ਜਾਂਦਾ ਹੈ। ਇਹ ਨਾਵਲ ਦੀ ਸੰਖੇਪ ਕਥਾ ਹੈ। ਪਰ ਇਸ ਦੀ ਉਸਾਰੀ ਵਿੱਚ ਸਿਰਜੇ ਵਿਭਿੰਨ ਬਿਰਤਾਂਤ ਇੰਨੇ ਰੌਚਿਕ ਅਤੇ ਭਾਵੁਕ ਕਰਨ ਵਾਲੇ ਹਨ ਕਿ ਕਥਾ ਨਿੱਕੇ-ਮੋਟੇ ਦੁਖਦ ਸਮਾਚਾਰਾਂ ਦੇ ਬਾਵਜੂਦ ਬਹੁਤ ਥਾਵਾਂ ’ਤੇ ਰੁਆ ਦਿੰਦੀ ਹੈ। ਪਾਠਕ ਇਸ ਦੀ ਚੀਸ ਤੋਂ ਬਚ ਨਹੀਂ ਸਕਦਾ। ਸੱਚਮੁੱਚ ਇਹ ਉੱਤਮ ਕੋਟੀ ਦੀ ਰਚਨਾ ਹੈ ਜੋ ਗਲਪ ਦਾ ਸ੍ਰੇਸ਼ਟ ਮਾਡਲ ਹੈ।
ਨਾਵਲਕਾਰ ਸੰਤਾਲੀ ਦੀ ਆਜ਼ਾਦੀ ਨੂੰ ਪੰਜਾਬ ਤੇ ਬੰਗਾਲ ਦਾ ਸਰਬਨਾਸ਼ ਗਰਦਾਨਦਾ ਹੈ। ਉਸ ਨੇ ਹਿੰਦੀ ਸਾਹਿਤ ਦਾ ਵਧੀਆ ਗਿਆਨ ਰੱਖਦਾ ਹੋਣ ਕਰਕੇ ਰਸਖਾਨ, ਅੰਮ੍ਰਿਤਾ ਪ੍ਰੀਤਮ, ਧਰਮਵੀਰ ਭਾਰਤੀ, ਹਰਿਵੰਸ਼ ਰਾਏ ਬੱਚਨ, ਕਬੀਰ, ਮਹਾਂਦੇਵੀ ਵਰਮਾ ਤੇ ਡਾ. ਅਗੇਅ ਵਰਗੇ ਕਵੀਆਂ ਦਾ ਜ਼ਿਕਰ ਤੇ ਕਥਾ ਬਿਰਤਾਂਤ ਲਈ ਢੁੱਕਵੇਂ ਕਾਵਿ-ਨਮੂਨੇ ਪੇਸ਼ ਕੀਤੇ ਹਨ।
ਨਾਵਲਕਾਰ ਨੇ ਨਾਇਕ-ਨਾਇਕਾ ਰਾਹੀਂ ਵਿਭਿੰਨ ਫਿਲਮਾਂ ਤੋਂ ਉਨ੍ਹਾਂ ਦੀਆਂ ਢੁੱਕਵੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਹੈ। ਨਾਵਲੀ ਬਿਰਤਾਂਤ ਦੀਆਂ ਕੜੀਆਂ ਦੌਰਾਨ ਦਿੱਲੀ ਦੀ ਸੈਰ, ਵ੍ਰਿੰਦਾਵਨ, ਮਥੁਰਾ, ਆਗਰਾ ਦਾ ਚੱਕਰ, ਤਾਜਮਹਿਲ ਦੇ ਦ੍ਰਿਸ਼, ਚੰਡੀਗੜ੍ਹ ਤੇ ਸ਼ਿਮਲਾ, ਸੋਲਨ, ਮਸ਼ੋਬਰਾ ਤੇ ਤੱਤਾ ਪਾਣੀ ਦੇ ਮਨਮੋਹਕ ਦ੍ਰਿਸ਼ ਵਰਣਨ ਕਰਦਿਆਂ ਪਾਠਕਾਂ ਨੂੰ ਉੱਥੇ ਦੀ ਕ੍ਰਿਸਮਿਸ ਤੇ ਚਾਂਦਨੀ ਚੌਕ ਤੇ ਲਾਲ ਕਿਲ੍ਹਾ ਦਿਖਾ ਦਿੱਤੇ।
ਨਾਵਲ ਦੀ ਨਾਇਕਾ ਜਾਨਵੀ ਦੇ ਸ਼ਬਦਾਂ ਵਿੱਚ ‘‘ਅੱਜ (ਜਦੋਂ) ਪੈਸਾ ਹੀ ਪ੍ਰਧਾਨ ਹੋ ਗਿਆ ਹੈ ਅਤੇ ਪੜ੍ਹਾਈ ਦਾ ਵੀ ਵਪਾਰੀਕਰਣ ਹੁੰਦਾ ਜਾ ਰਿਹਾ ਹੈ।’’ ਇਹ ਵਰਤਮਾਨ ਸਮੇਂ ਦਾ ਕਰੂਰ ਯਥਾਰਥ ਹੈ। ਨਾਵਲਕਾਰ ਨੂੰ ਕਵਿਤਾ ਤੇ ਉਸ ਦੀ ਪਰਿਭਾਸ਼ਾ ਦਾ ਪੂਰਾ ਗਿਆਨ ਹੈ।
ਨਾਇਕਾ ਜਾਨਵੀ ਦੀ ਕੀਤੀ ਇਹ ਟਿੱਪਣੀ, ‘‘ਕਿਸੇ ਵੀ ਸਾਹਿਤਕ ਰਚਨਾ ਦੀ ਸਾਰਥਿਕਤਾ ਇਸੇ ਵਿੱਚ ਹੈ ਕਿ ਪਾਠਕ ਜਾਂ ਸੁਣਨ ਵਾਲਾ ਉਸ ਨਾਲ ਜੁੜਿਆ ਹੋਇਆ ਮਹਿਸੂਸ ਕਰੇ।’’ ਇਸ ਨਾਵਲ ’ਤੇ ਪੂਰੀ ਢੁੱਕਦੀ ਹੈ। ਇਸੇ ਤਰ੍ਹਾਂ ਨਾਵਲ ਦੇ ਅਨੇਕ ਵਾਕ ਸਾਂਭ ਕੇ ਰੱਖਣ ਵਾਲੇ ਅਨਮੋਲ ਮੋਤੀ ਹਨ।
ਨਾਵਲਕਾਰ ਵੱਲੋਂ ਹਿੰਦੀ ਵਿੱਚ ਲਿਖੇ ਨਾਵਲ ਵਿੱਚ ਗਜ਼ਟਡ ਅਫ਼ਸਰਾਂ ਦੀ ਟ੍ਰੇਨਿੰਗ ਕਰਦੇ ਨਾਇਕ-ਨਾਇਕਾ ਦੀ ਬੋਲਚਾਲ ਵਿੱਚ ਵਧੇਰੇ ਕਰਕੇ ਅੰਗਰੇਜ਼ੀ ਭਾਸ਼ਾ ਦਾ ਪ੍ਰਯੋਗ ਕੀਤਾ ਗਿਆ ਜੋ ਇਸ ਨੂੰ ਪੜ੍ਹੇ-ਲਿਖੇ ਵਰਗ ਤੱਕ ਸੀਮਿਤ ਤਾਂ ਕਰਦਾ ਹੈ ਪਰ ਭਾਰਤੀ ਤੇ ਪੰਜਾਬੀ ਪਰੰਪਰਾ ਦਾ ਪਾਲਣ ਕਰਦੇ ਪਰਿਵਾਰਾਂ ਦੇ ਸੰਸਕਾਰ ਆਮ ਆਦਮੀ ਤੱਕ ਨੂੰ ਆਕਰਸ਼ਿਤ ਕਰਦੇ ਹਨ; ਜਿਵੇਂ ਰਿਸ਼ਤਿਆਂ ਵਿੱਚ ਅੰਕਲ-ਆਂਟੀ ਦੀ ਥਾਂ ਤਾਇਆ-ਤਾਈ ਕਹਿਣ ਦੀ ਗੱਲ, ਮਾਪਿਆਂ ਦੇ ਪੈਰ-ਛੂਹਣ ਤੇ ਆਗਿਆ ਨਾਲ ਵਿਆਹ ਦੀ ਮਰਿਆਦਾ ਦਾ ਵਰਣਨ, ਆਪਣੇ ਅਧਿਆਪਕ ਪ੍ਰੋ. ਵਰਮਾ ਪ੍ਰਤੀ ਸਤਿਕਾਰ, ਨਣਦ-ਭਰਜਾਈ ਦਾ ਰਿਸ਼ਤਾ ਵਿਸ਼ੇਸ਼ ਸਤਿਕਾਰ ਭਰੀ ਭਾਰਤੀ ਨੈਤਿਕਤਾ ਦੇ ਗੌਰਵ ਦੀ ਗੱਲ ਹੈ। ਗੁਰਦੁਆਰੇ-ਮੰਦਿਰ ਵਿੱਚ ਫ਼ਰਕ ਨਾ ਸਮਝਣ ਦੀ ਸ੍ਰੇਸ਼ਟ ਵਿਚਾਰਧਾਰਾ ਦਾ ਸਮਾਵੇਸ਼ ਹੈ। ਪਿਆਰ ਤੇ ਵਿਚਾਰਾਂ ਦੀ ਸਾਂਝ-ਸਮਾਨਤਾ ਆਰਥਿਕ ਅਸਮਾਨਤਾਵਾਂ ਤੋਂ ਕਿਤੇ ਉੱਤਮ ਹੈ। ਇਹ ਇਸ ਨਾਵਲ ਦਾ ਸਾਰ ਹੈ। ਮਿਹਨਤ ਤੇ ਹਿੰਮਤ ਜਿੱਤ ਜਾਂਦੀ ਹੈ, ਪਰ ਤਿਆਗ ਭਾਵਨਾ ਨਾਲ- ਇਹ ਇਸ ਕਥਾ ਦਾ ਸੰਦੇਸ਼ ਹੈ।
ਵਿਆਹ ਤੋਂ ਪਹਿਲਾਂ ਇਕੱਠੇ ਰਹਿ ਕੇ ਅਨੇਕਾਂ ਮੌਕੇ ਮਿਲਣ ’ਤੇ ਵੀ ਸਰੀਰਕ ਸੰਬੰਧਾਂ ਤੋਂ ਬਚੇ ਰਹਿਣ ਦੀ ਗੱਲ ਭਾਵੇਂ ਅਤਿਕਥਨੀ ਜਾਪਦੀ ਹੈ, ਪਰ ਆਦਰਸ਼ ਨਾਇਕ-ਨਾਇਕਾ ਦੀ ਸ੍ਰੇਸ਼ਟ ਨੈਤਿਕ ਉਦਾਹਰਣ ਹੈ। ਅੰਤ ਵਿੱਚ ਨਾਇਕਾ ਨਾਲ ਵਾਪਰਦੀ ਘਟਨਾ ਤੋਂ ਵਰਤਮਾਨ ਵਿੱਚ ਰਾਜਸੀ ਗੁੰਡਾ ਕਲਚਰ ਹੱਥੋਂ ਅਫ਼ਸਰ ਤੇ ਮੁੱਖ ਮੰਤਰੀ ਦੇ ਵੀ ਬੇਵੱਸ ਹੋਣ ਦੀ ਗੱਲ ਪ੍ਰਬੰਧ ਦੀ ਪੋਲ ਖੋਲ੍ਹਦੀ ਹੈ। ਲੇਖਕ ਦੇ ਸੱਚ ਕਹਿਣ ਦੀ ਜੁਅਰੱਤ ਨੂੰ ਸਲਾਮ ਹੈ। ਨਾਵਲੀ ਜੁਗਤਾਂ ਵਿੱਚ ਪਿਛਲਝਾਤ ਤੇ ਚਿੱਠੀ-ਪੱਤਰ ਵਿਧੀ ਦਾ ਪ੍ਰਯੋਗ ਮੌਲਿਕਤਾ ਪ੍ਰਦਾਨ ਕਰਦਾ ਹੈ। ਸੁਪਨੇ ਵੀ ਸਿਰਜੇ ਹਨ, ਮਾਨਸਿਕ ਦਵੰਦ ਤੇ ਮਨੋ-ਸਥਿਤੀਆਂ ਵੀ ਆਉਂਦੀਆਂ ਹਨ। ਇਹ ਕੀ ਸੁਖਾਂਤ ਗ਼ਲਪੀ ਕਿਰਤ, ਗੁਣਾਂ-ਭਰਪੂਰ ਤੇ ਸਮਾਜ ਨੂੰ ਪ੍ਰੇਰਿਤ ਕਰਨ ਵਾਲੀ ਹੈ।
ਸੰਪਰਕ: 98766-36159

Advertisement

Advertisement
Author Image

sukhwinder singh

View all posts

Advertisement
Advertisement
×