ਨਿਗਮ ਕਮਿਸ਼ਨਰ ਵੱਲੋਂ ਵੱਖ-ਵੱਖ ਇਲਾਕਿਆਂ ਦਾ ਨਿਰੀਖਣ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 4 ਨਵੰਬਰ
ਸ਼ਹਿਰ ਭਰ ’ਚ ਨਿਯਮਤ ਸਫ਼ਾਈ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਜ਼ਮੀਨੀ ਪੱਧਰ ’ਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਸੋਮਵਾਰ ਨੂੰ ਮਾਡਲ ਟਾਊਨ ਐਕਸਟੈਨਸ਼ਨ, ਬੱਸ ਸਟੈਂਡ ਦੇ ਆਲੇ-ਦੁਆਲੇ ਦੇ ਇਲਾਕਿਆਂ, ਘੁਮਾਰ ਮੰਡੀ, ਦੁੱਗਰੀ ਸਣੇ ਹੋਰ ਇਲਾਕਿਆਂ ਦਾ ਅਚਨਚੇਤ ਨਿਰੀਖਣ ਕੀਤਾ। ਕੁਝ ਥਾਵਾਂ ’ਤੇ ਸੈਨੀਟੇਸ਼ਨ ਸਟਾਫ ਗ਼ੈਰਹਾਜ਼ਰ ਪਾਇਆ ਗਿਆ ਜਿਸ ਤੋਂ ਬਾਅਦ ਸਖ਼ਤ ਚਿਤਾਵਨੀ ਦਿੱਤੀ ਗਈ। ਸੋਮਵਾਰ ਨੂੰ ਨਿਰੀਖਣ ਦੌਰਾਨ ਸੜਕਾਂ, ਪਾਰਕਾਂ ਆਦਿ ਦੇ ਡਿਵਾਈਡਰਾਂ ਦੀ ਜਾਂਚ ਵੀ ਕੀਤੀ ਗਈ।
ਚੀਫ ਸੈਨੇਟਰੀ ਇੰਸਪੈਕਟਰਾਂ (ਸੀਐੱਸਆਈ), ਸੈਨੇਟਰੀ ਇੰਸਪੈਕਟਰਾਂ ਸਣੇ ਹੋਰਨਾਂ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਆਪੋ-ਆਪਣੇ ਇਲਾਕਿਆਂ ਦੀ ਨਿਗਰਾਨੀ ਕਰਨ ਨਹੀਂ ਤਾਂ ਸਫ਼ਾਈ ਸਬੰਧੀ ਢਿੱਲ-ਮੱਠ ਪਾਏ ਜਾਣ ’ਤੇ ਸਟਾਫ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਨਿਰੀਖਣ ਦੌਰਾਨ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਅੰਕੁਰ ਮਹਿੰਦਰੂ, ਕਾਰਜਕਾਰੀ ਇੰਜਨੀਅਰ ਜਤਿੰਦਰਪਾਲ ਸਿੰਘ, ਸਿਹਤ ਅਧਿਕਾਰੀ ਡਾ. ਵਿਪਲ ਮਲਹੋਤਰਾ ਸਣੇ ਹੋਰ ਅਧਿਕਾਰੀ ਹਾਜ਼ਰ ਸਨ।
ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਸਿਹਤ ਸਟਾਫ ਨੂੰ ਸਾਫ਼-ਸਫ਼ਾਈ ਯਕੀਨੀ ਬਣਾਉਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਤੇ ਜ਼ਮੀਨੀ ਹਕੀਕਤ ਦੀ ਜਾਂਚ ਕਰਨ ਲਈ ਅਚਨਚੇਤ ਨਿਰੀਖਣ ਸ਼ੁਰੂ ਕੀਤੇ ਗਏ ਹਨ। ਸ੍ਰੀ ਡੇਚਲਵਾਲ ਨੇ ਦੱਸਿਆ ਕਿ ਸੋਮਵਾਰ ਨੂੰ ਕੁਝ ਥਾਵਾਂ ’ਤੇ ਸਫਾਈ ਕਰਮਚਾਰੀ ਗ਼ੈਰ-ਹਾਜ਼ਰ ਪਾਏ ਗਏ ਸਨ ਅਤੇ ਫ਼ਿਲਹਾਲ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ। ਜੇ ਭਵਿੱਖ ਵਿੱਚ ਕੋਈ ਢਿੱਲ ਪਾਈ ਗਈ ਤਾਂ ਸਬੰਧਤ ਸਟਾਫ਼ ਜਾਂ ਅਧਿਕਾਰੀਆਂ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਡੇਚਲਵਾਲ ਨੇ ਅੱਗੇ ਦੱਸਿਆ ਕਿ ਬਾਗਬਾਨੀ ਸ਼ਾਖਾ ਨੂੰ ਪਾਰਕਾਂ, ਗਰੀਨ ਬੈਲਟਾਂ, ਡਿਵਾਈਡਰਾਂ ਦੇ ਕਿਨਾਰਿਆਂ ਆਦਿ ਵਿੱਚ ਸਾਫ਼-ਸਫ਼ਾਈ ਯਕੀਨੀ ਬਣਾਉਣ ਲਈ ਵੀ ਨਿਰਦੇਸ਼ ਦਿੱਤੇ ਗਏ ਹਨ।
ਇਸ ਤੋਂ ਇਲਾਵਾ ਇੱਕ ਰੋਸਟਰ ਵੀ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਸੈਨੇਟਰੀ ਇੰਸਪੈਕਟਰਾਂ ਨੂੰ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਨਿਰੀਖਣ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਅਚਨਚੇਤ ਨਿਰੀਖਣ ਕੀਤੇ ਜਾਣਗੇ। ਨਿਗਮ ਕਮਿਸ਼ਨਰ ਡੇਚਲਵਾਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਵਿੱਚ ਨਗਰ ਨਿਗਮ ਦਾ ਸਹਿਯੋਗ ਦੇਣ। ਡੇਚਲਵਾਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇ ਕੋਈ ਸਫ਼ਾਈ ਕਰਮਚਾਰੀ ਉਨ੍ਹਾਂ ਦੇ ਇਲਾਕਿਆਂ ਵਿੱਚ ਗੈਰਹਾਜ਼ਰ ਰਹਿੰਦਾ ਹੈ ਤਾਂ ਨਗਰ ਨਿਗਮ ਦੇ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇ। ਰੈਗੂਲਰ ਸਫਾਈ ਨੂੰ ਯਕੀਨੀ ਬਣਾਉਣ ਲਈ ਸਖ਼ਤ ਕਾਰਵਾਈ ਕੀਤੀ ਜਾਵੇਗੀ।