ਗੋਪਾਲ ਰਾਏ ਤੇ ਆਤਿਸ਼ੀ ਵੱਲੋਂ ਗੁਆਂਢੀ ਸੂਬਿਆਂ ਤੋਂ ਆਉਣ ਵਾਲੇ ਟਰੱਕਾਂ ਦਾ ਜਾਇਜ਼ਾ
ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਨਵੰਬਰ
ਦਿੱਲੀ ਸਰਕਾਰ ਵੱਲੋਂ ਦੇ ਗੁਆਂਢੀ ਸੂਬਿਆਂ ਹਰਿਆਣਾ ਤੇ ਉੱਤਰ ਪ੍ਰਦੇਸ਼ ਤੋਂ ਜੀਆਰਏਪੀ ਨੇਮਾਂ ਦੀ ਅਣਦੇਖੀ ਕਰਕੇ ਕੌਮੀ ਰਾਜਧਾਨੀ ਵਿੱਚ ਦਾਖ਼ਲ ਹੋਣ ਵਾਲਿਆਂ ਖ਼ਿਲਾਫ਼ ਸਖ਼ਤੀ ਵਰਤੀ ਜਾ ਰਹੀ ਹੈ। ਇਸ ਸਬੰਧੀ ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਸਮੇਤ ਮਾਲ ਮੰਤਰੀ ਆਤਿਸ਼ੀ ਤੇ ਹੋਰ ਮੰਤਰੀਆਂ ਨੇ ਵੱਖ-ਵੱਖ ਹੱਦਾਂ ਦੇ ਦੌਰੇ ਕੀਤੇ। ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਦੱਸਿਆ ਕਿ ਦਿੱਲੀ ਵਿੱਚ ਜੀਆਰਏਪੀ-4 (ਗਰੈਪ) ਲਾਗੂ ਹੈ ਅਤੇ ਇਸ ਤਹਤਿ ਦਿੱਲੀ ’ਚ ਜ਼ਰੂਰੀ ਵਸਤਾਂ ਅਤੇ ਸੇਵਾਵਾਂ ਨੂੰ ਛੱਡ ਕੇ ਟਰੱਕਾਂ ਅਤੇ ਡੀਜ਼ਲ ਬੱਸਾਂ ਦੇ ਦਾਖਲੇ ’ਤੇ ਪਾਬੰਦੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਹਦਾਇਤ ਕੀਤੀ।
ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਪਾਬੰਦੀ ਦੇ ਬਾਵਜੂਦ ਗੁਆਂਢੀ ਰਾਜਾਂ ਤੋਂ ਡੀਜ਼ਲ ਟਰੱਕ ਅਤੇ ਬੱਸਾਂ ਲਗਾਤਾਰ ਦਾਖਲ ਹੋ ਰਹੀਆਂ ਹਨ। ਉਨ੍ਹਾਂ ਕਿਹਾ, ‘‘ਸਾਡੇ ਕਈ ਕੈਬਨਿਟ ਸਾਥੀਆਂ ਨੇ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ਦਾ ਦੌਰਾ ਕੀਤਾ ਅਤੇ ਇਸ ਦਾ ਨਿਰੀਖਣ ਕੀਤਾ। ਸਿੰਘੂ ਬਾਰਡਰ, ਬਹਾਦਰਗੜ੍ਹ ਬਾਰਡਰ, ਸ਼ਾਹਦਰਾ ਬਾਰਡਰ, ਗਾਜ਼ੀਆਬਾਦ ਬਾਰਡਰ ਅਤੇ ਗੁਰੂਗ੍ਰਾਮ ਬਾਰਡਰ ’ਤੇ ਵਾਹਨਾਂ ਦੇ ਦਾਖਲੇ ’ਤੇ ਨਜ਼ਰ ਰੱਖੀ ਜਾ ਰਹੀ ਹੈ। ਜਿਨ੍ਹਾਂ ਵਾਹਨਾਂ ਦੇ ਦਾਖਲੇ ’ਤੇ ਪਾਬੰਦੀ ਹੈ, ਉਨ੍ਹਾਂ ਨੂੰ ਵੀ ਵਾਪਸ ਮੋੜਿਆ ਜਾ ਰਿਹਾ ਹੈ।’’ ਇਸ ਦੌਰਾਨ ਦਿੱਲੀ ਦੀ ਮਾਲ ਮੰਤਰੀ ਆਤਿਸ਼ੀ ਨੇ ਵੀ ਗਾਜ਼ੀਪੁਰ ਹੱਦ ਦਾ ਨਿਰੀਖਣ ਕੀਤਾ ਤੇ ਗੁਆਂਢੀ ਸੂਬੇ ਤੋਂ ਆ ਰਹੇ ਟਰੱਕਾਂ ਦੀ ਜਾਂਚ ਕੀਤੀ।