ਬਾਲ ਕਮਿਸ਼ਨ ਦੀ ਟੀਮ ਵੱਲੋਂ ਤਿੰਨ ਸਕੂਲਾਂ ਦਾ ਜਾਇਜ਼ਾ
ਸੁਖਵਿੰਦਰ ਪਾਲ ਸੋਢੀ
ਚੰਡੀਗੜ, 26 ਫਰਵਰੀ
ਚੰਡੀਗੜ੍ਹ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ (ਸੀਸੀਪੀਸੀਆਰ) ਦੀ ਟੀਮ ਨੇ ਚੇਅਰਪਰਸਨ ਸ਼ਿਪਰਾ ਬਾਂਸਲ ਦੀ ਅਗਵਾਈ ਹੇਠ ਸ਼ਹਿਰ ਦੇ ਤਿੰਨ ਸਕੂਲਾਂ ਦਾ ਜਾਇਜ਼ਾ ਲਿਆ ਜਿਸ ਦੌਰਾਨ ਟੀਮ ਨੂੰ ਸਕੂਲ ਅਹਾਤੇ ਵਿਚ ਕਈ ਖਾਮੀਆਂ ਮਿਲੀਆਂ। ਇਸ ਤੋਂ ਇਲਾਵਾ ਸਕੂਲ ਬੱਸਾਂ ਵਿਚ ਵੀ ਕਈ ਖਾਮੀਆਂ ਮਿਲੀਆਂ। ਬਾਲ ਕਮਿਸ਼ਨ ਨੇ ਸਕੂਲਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਇਨ੍ਹਾਂ ਊਣਤਾਈਆਂ ਨੂੰ ਜਲਦੀ ਠੀਕ ਕਰਵਾਉਣ।
ਜਾਣਕਾਰੀ ਅਨੁਸਾਰ ਬਾਲ ਕਮਿਸ਼ਨ ਦੀ ਟੀਮ ਅੱਜ ਸੇਂਟ ਸਟੀਫਨ ਪ੍ਰੈਪਰੇਟਰੀ ਸਕੂਲ, ਸੈਕਟਰ-46 ਯੂਰੋ ਕਿਡਜ਼, ਸੈਕਟਰ-37 ਅਤੇ ਸਟੈਪਿੰਗ ਸਟੋਨਜ਼ ਪਲੇਅਫੇਅ ਸਕੂਲ, ਸੈਕਟਰ-38 ਵਿਚ ਪੁੱਜੀ ਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਾਪਦੰਡਾਂ ਦੀ ਜਾਂਚ ਕੀਤੀ। ਟੀਮ ਨੇ ਕੋਰੀਡੋਰ, ਪਖਾਨੇ, ਖੇਡਣ ਵਾਲੇ ਮੈਦਾਨ, ਜਮਾਤਾਂ, ਸੀਸੀਟੀਵੀ ਕੈਮਰੇ, ਸਕੂਲੀ ਬੱਸਾਂ ਦੀ ਜਾਂਚ ਕੀਤੀ।
ਚੇਅਰਪਰਸਨ ਨੇ ਪੰਜਾਬੀ ਟ੍ਰਿਬਿਊਨ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਯੂਰੋ ਕਿਡਜ਼ ਪਲੇਅ ਸਕੂਲ ਵਿੱਚ ਸਟਾਫ ਦਾ ਗ਼ਲਤ ਰਿਕਾਰਡ ਰੱਖਿਆ ਹੋਇਆ ਸੀ ਤੇ ਸਟਾਫ ਦੇ ਕਈ ਜਣਿਆਂ ਦੀ ਪੁਲੀਸ ਤਸਦੀਕ ਨਹੀਂ ਕਰਵਾਈ ਹੋਈ ਸੀ। ਇਸ ਤੋਂ ਇਲਾਵਾ ਹੋਰ ਵੀ ਕਈ ਖਾਮੀਆਂ ਮਿਲੀਆਂ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਇੱਥੇ ਦੋ ਸਕੂਲੀ ਬੱਸਾਂ ਪ੍ਰਾਈਵੇਟ ਠੇਕੇਦਾਰ ਵੱਲੋਂ ਚਲਾਈਆਂ ਜਾਂਦੀਆਂ ਹਨ। ਇਸ ਸਕੂਲ ਦੀਆਂ ਬੱਸਾਂ ਵਿਚ ਪ੍ਰਦੂਸ਼ਣ ਅਤੇ ਬੀਮਾ ਸਰਟੀਫਿਕੇਟ ਦੀ ਮਿਆਦ ਪੁੱਗ ਚੁੱਕੀ ਮਿਲੀ ਅਤੇ ਡਰਾਈਵਰਾਂ ਅਤੇ ਅਟੈਂਡੈਂਟਾਂ ਦੀ ਪੁਲੀਸ ਵੈਰੀਫਿਕੇਸ਼ਨ ਵੀ ਨਹੀਂ ਕਰਵਾਈ ਗਈ ਸੀ। ਇਸ ਤੋਂ ਇਲਾਵਾ ਸਕੂਲ ਸਟਾਫ ਵਲੋਂ ਵਿਸ਼ੇਸ਼ ਬੱਚੇ ਨੂੰ ਸੰਭਾਲਣ ਲਈ ਕੋਈ ਲੋੜੀਂਦੀ ਯੋਗਤਾ ਨਹੀਂ ਸੀ ਤੇ ਨਾ ਹੀ ਕੋਈ ਕਾਊਂਸਲਰ ਸੀ।
ਸੇਂਟ ਸਟੀਫਨ ਪ੍ਰੈਪਰੇਟਰੀ ਸਕੂਲ ਵਿੱਚ ਬਾਲ ਸੁਰੱਖਿਆ ਏਜੰਸੀਆਂ ਦੱਸਣ ਬਾਰੇ ਕੋਈ ਡਿਸਪਲੇਅ ਬੋਰਡ ਨਹੀਂ ਸਨ। ਫਸਟ ਏਡ ਬਾਕਸ ਵਿਚ ਵੀ ਪੂਰਾ ਸਾਮਾਨ ਨਹੀਂ ਸੀ। ਸਕੂਲ ਵਿੱਚ ਸਿਰਫ਼ ਇੱਕ ਸਪੈਸ਼ਲ ਐਜੂਕੇਟਰ ਹੈ ਅਤੇ ਬੱਚਿਆਂ ਦੀ ਕਾਊਂਸਲਿੰਗ ਲਈ ਕੋਈ ਵੀ ਸਕੂਲ ਕਾਊਂਸਲਰ ਨਹੀਂ ਹੈ। ਸਕੂਲ ਦੀ ਇੱਕ ਬੱਸ ਦਾ ਪ੍ਰਦੂਸ਼ਣ ਸਰਟੀਫਿਕੇਟ ਨਹੀਂ ਸੀ। ਇਸ ਤੋਂ ਇਲਾਵਾ ਸੈਕਟਰ-38 ਦੇ ਸਟੈਪਿੰਗ ਸਟੋਨ ਪਲੇਅ ਸਕੂਲ ਵਿੱਚ ਵੀ ਖਾਮੀਆਂ ਮਿਲੀਆਂ। ਸਕੂਲ ਵਿਚ ਚਾਈਲਡ ਹੈਲਪ ਲਾਈਨ ਦਾ ਨੰਬਰ ਵੀ ਨਹੀਂ ਸੀ। ਸ਼ਿਪਰਾ ਬਾਂਸਲ ਨੇ ਸਕੂਲਾਂ ਨੂੰ ਸਖ਼ਤੀ ਨਾਲ ਹਦਾਇਤ ਕੀਤੀ ਕਿ ਉਹ ਸਾਰੀਆਂ ਕਮੀਆਂ ਨੂੰ ਦੂਰ ਕਰਨ ਲਈ ਤੁਰੰਤ ਕਦਮ ਚੁੱਕਣ। ਉਨ੍ਹਾਂ ਯੂਰੋ ਕਿਡਜ਼ ਸਕੂਲ, ਸੇਂਟ ਸਟੀਫਨ ਪ੍ਰੈਪਰੇਟਰੀ ਸਕੂਲ ਨੂੰ ਬੱਚਿਆਂ ਦੀ ਸੁਰੱਖਿਆ ਬਾਰੇ ਇੰਤਜ਼ਾਮ ਕਰਨ ਲਈ ਕਿਹਾ।
ਈਡਬਲਿਊਐਸ ਤੇ ਡੀਜੀ ਵਰਗ ਲਈ ਆਨਲਾਈਨ ਡਰਾਅ ਅੱਜ
ਯੂਟੀ ਦੇ ਸਿੱਖਿਆ ਵਿਭਾਗ ਵਲੋਂ ਸ਼ਹਿਰ ਦੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਿਚ ਐਂਟਰੀ ਲੈਵਲ ਜਮਾਤਾਂ ਵਿਚ ਆਨਲਾਈਨ ਕੇਂਦਰੀਕ੍ਰਿਤ ਡਰਾਅ ਕੱਢੇ ਜਾਣਗੇ। ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਇਨ੍ਹਾਂ ਜਮਾਤਾਂ ਲਈ ਈਡਬਲਿਊਐਸ ਤੇ ਡਿਸਅਡਵਾਂਟੇਜ ਗਰੁੱਪ ਦੇ ਆਨਲਾਈਨ ਡਰਾਅ 27 ਫਰਵਰੀ ਨੂੰ ਆਨਲਾਈਨ ਕੱਢੇ ਜਾਣਗੇ। ਉਨ੍ਹਾਂ ਦੱਸਿਆ ਕਿ ਹੁਣ ਤਕ ਸਰਕਾਰੀ ਸਕੂਲਾਂ ਵਿਚ 2360 ਵਿਦਿਆਰਥੀ ਆਨਲਾਈਨ ਰਜਿਸਟਰਡ ਹੋਏ ਹਨ। ਇਹ ਡਰਾਅ ਅਗਲੇ ਵਿਦਿਅਕ ਸੈਸ਼ਨ ਲਈ ਕੱਢੇ ਜਾਣਗੇ।