ਐੱਸਡੀਐੱਮ ਦੀ ਅਗਵਾਈ ਹੇਠਲੀ ਪੜਤਾਲੀਆ ਕਮੇਟੀ ਵੱਲੋਂ ਰਿਫਾਇਨਰੀ ਦੀ ਜਾਂਚ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 6 ਜੁਲਾਈ
ਪਿੰਡ ਤੱਪੜ ਹਰਨੀਆਂ ਦੀ ਏਪੀ ਰਿਫਾਇਨਰੀ ਦਾ ਮਾਮਲਾ ਭਖ ਗਿਆ ਹੈ। ਇਸ ਫੈਕਟਰੀ ਵਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਦੇ ਮਾਮਲੇ ਵਿਚ ਪਿੰਡਾਂ ਦੇ ਵਾਸੀਆਂ ਦਾ ਸੰਘਰਸ਼ ਜਾਰੀ ਹੈ। ਏਡੀਸੀ ਵੱਲੋਂ ਬਣਾਈ ਪੰਜ ਮੈਂਬਰੀ ਪੜਤਾਲੀਆ ਕਮੇਟੀ ਅੱਜ ਇਸ ਰਿਫਾਇਨਰੀ ਦੀ ਜਾਂਚ ਕਰਨ ਪੁੱਜੀ। ਉਪ ਮੰਡਲ ਮੈਜਿਸਟਰੇਟ ਮਨਜੀਤ ਕੌਰ ਦੀ ਅਗਵਾਈ ਹੇਠ ਟੀਮ ਨੇ ਸੈਂਪਲ ਲਏ ਤੇ ਹੋਰ ਥਾਵਾਂ ਦਾ ਜਾਇਜ਼ਾ ਲਿਆ। ਇਸ ਮੌਕੇ ਸਾਬਕਾ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਜਗਤਾਰ ਸਿੰਘ ਜੱਗਾ ਹਿੱਸੋਵਾਲ, ਬੀਕੇਯੂ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਸਰਪੰਚ ਸਰਬਜੀਤ ਸਿੰਘ ਸ਼ੇਰਪੁਰ ਕਲਾਂ ਮੌਜੂਦ ਸਨ। ਇਸ ਮੌਕੇ ਕਿਸਾਨਾਂ ਦੀਆਂ ਮੋਟਰਾਂ ਦੇ ਬੋਰਾਂ ’ਚੋਂ ਆਉਂਦੇ ਗੰਧਲੇ ਪਾਣੀ ਦੇ ਸੈਂਪਲ ਪੜਤਾਲੀਆ ਟੀਮ ਨੂੰ ਸੌਂਪੇ ਗਏ। ਇਸ ਮੌਕੇ ਡੀਐੱਸਪੀ ਸਤਵਿੰਦਰ ਸਿੰਘ ਵਿਰਕ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਵੀ ਮੌਜੂਦ ਸਨ।
ਐੱਸਡੀਐੱਮ ਦਾ ਕਹਿਣਾ ਸੀ ਕਿ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਉਹ ਜਾਣਕਾਰੀ ਦੇ ਸਕਣਗੇ।
ਕਿਸਾਨ ਆਗੂਆਂ ਤੇ ਪੰਚਾਇਤਾਂ ਨੇ ਕਿਹਾ ਕਿ ਰਿਫਾਇਨਰੀ ਦਾ ਦੂਸ਼ਿਤ ਪਾਣੀ ਬੰਦ ਨਾ ਕੀਤਾ ਗਿਆ ਤਾਂ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਫੈਕਟਰੀ ਬੰਦ ਕਰਵਾਉਣ ਲਈ ਪੱਕਾ ਮੋਰਚਾ ਲਾਇਆ ਜਾਵੇਗਾ। ਇਸ ਤੋਂ ਪਹਿਲਾਂ ਵੀ ਜ਼ੀਰਾ ਵਿਚ ਸ਼ਰਾਬ ਫੈਕਟਰੀ ਦਾ ਦੂਸ਼ਿਤ ਪਾਣੀ ਧਰਤੀ ਹੇਠਾਂ ਪਾਉਣ ਦਾ ਮਾਮਲਾ ਭਖਿਆ ਸੀ। ਇਸ ਮੌਕੇ ਕਿਸਾਨ ਆਗੂ ਬਚਿੱਤਰ ਸਿੰਘ ਜਨੇਤਪੁਰਾ, ਬਲਾਕ ਪ੍ਰਧਾਨ ਹਰਜੀਤ ਸਿੰਘ, ਪ੍ਰਧਾਨ ਅਰਜਨ ਸਿੰਘ ਖੇਲਾ ਤੋਂ ਇਲਾਵਾ ਸਰਪੰਚ ਜਸਵਿੰਦਰ ਸਿੰਘ ਸਵੱਦੀ ਖੁਰਦ, ਸਰਪੰਚ ਏਕਮ ਸਿੰਘ ਫਤਹਿਗੜ੍ਹ ਸਿਵੀਆਂ, ਭਗਵੰਤ ਸਿੰਘ ਤੂਰ, ਜਗਵਿੰਦਰ ਸਿੰਘ, ਸ਼ਮਸ਼ੇਰ ਸਿੰਘ ਸ਼ੈਰੀ, ਸਰਪੰਚ ਪਰਮਜੀਤ ਸਿੰਘ, ਸਰਪੰਚ ਵਰਕਪਾਲ ਸਿੰਘ, ਮੇਘ ਸਿੰਘ ਹਾਜ਼ਰ ਸਨ।