ਮਹਿਲਾ ਕਮਿਸ਼ਨ ਦੀ ਵਾਈਸ ਚੇਅਰਪਰਸਨ ਵੱਲੋਂ ਜੇਲ੍ਹ ਦਾ ਜਾਇਜ਼ਾ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 22 ਨਵੰਬਰ
ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਵਾਈਸ ਚੇਅਰਪਰਸਨ ਤੇ ਐਡਵੋਕੇਟ ਸੋਨੀਆ ਅਗਰਵਾਲ ਨੇ ਕੇਂਦਰੀ ਜੇਲ੍ਹ ਦਾ ਦੌਰਾ ਕੀਤਾ ਤੇ ਮਹਿਲਾ ਕੈਦੀਆਂ ਤੇ ਹੋਰ ਕੈਦੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜਾਇਜ਼ ਲਿਆ। ਇਥੇ ਪੁੱਜਣ ’ਤੇ ਜੇਲ੍ਹ ਸੁਪਰੀਡੈਂਟ ਅਮਿਤ ਕੁਮਾਰ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸੋਨੀਆ ਅਗਰਵਾਲ ਨੇ ਜੇਲ੍ਹ ਸੁਪਰੀਡੈਂਟ ਤੋਂ ਮਹਿਲਾ ਤੇ ਹੋਰ ਕੈਦੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਖੁਦ ਮਹਿਲਾ ਕੈਦੀਆਂ ਦੇ ਵਾਰਡਾਂ ’ਚ ਜਾ ਕੇ ਗੱਲਬਾਤ ਕਰਕੇ ਜਾਣਕਾਰੀ ਹਾਸਲ ਕੀਤੀ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਕੈਦੀਆਂ ਦੇ ਰਹਿਣ ਸਹਿਣ ਦੇ ਨਾਲ-ਨਾਲ ਖਾਣ-ਪੀਣ ਵਾਲੀਆਂ ਸਹੂਲਤਾਂ ਤੋਂ ਇਲਾਵਾ ਉਨ੍ਹਾਂ ਦੇ ਕੇਸਾਂ ਸਬੰਧੀ ਕਾਨੂੰਨੀ ਸਹਾਇਤਾ ਸਬੰਧੀ ਵੀ ਜਾਣਕਾਰੀ ਹਾਸਲ ਕੀਤੀ। ਜੇਲ੍ਹ ਸੁਪਰੀਡੈਂਟ ਅਮਿਤ ਕੁਮਾਰ ਨੇ ਦੱਸਿਆ ਕਿ ਇੱਥੇ ਜੇਲ੍ਹ ਵਿੱਚ 31 ਮਹਿਲਾ ਕੈਦੀ ਹਨ ਜਿਨ੍ਹਾਂ ’ਚ 5 ਔਰਤਾਂ ਨੂੰ ਸਜ਼ ਹੋ ਚੁੱਕੀ ਹੈ ਤੇ ਬਾਕੀ ਕੇਸਾਂ ਵਿੱਚ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ। ਜੇਲ੍ਹ ਪ੍ਰਸ਼ਾਸਨ ਕੈਦੀਆਂ ਨੂੰ ਰਿਹਾਇਸ਼ ਦੇ ਨਾਲ-ਨਾਲ ਖਾਣ-ਪੀਣ ਦੀਆਂ ਸਾਰੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ ਔਰਤਾਂ ਲਈ ਸਿਲਾਈ ਸੈਂਟਰ ਦਾ ਵੀ ਪ੍ਰਬੰਧ ਹੈ ਤਾਂ ਜੋ ਉਹ ਸਿਲਾਈ ਦੇ ਕੰਮ ਵਿੱਚ ਨਿਪੁੰਨ ਹੋ ਕੇ ਆਤਮ ਨਿਰਭਰ ਬਣ ਸਕਣ। ਉਨ੍ਹਾਂ ਦੇ ਨਾਲ ਆਉਣ ਵਾਲੇ ਬੱਚਿਆਂ ਲਈ ਵੀ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਇਹ ਯਕੀਨੀ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿ ਇੱਥੇ ਰਹਿ ਰਹੇ ਕੈਦੀਆਂ ਨੂੰ ਨਿਯਮਾਂ ਅਨੁਸਾਰ ਸਾਰੀਆਂ ਸਹੂਲਤਾਂ ਮਿਲ ਰਹੀਆਂ ਹੋਣ। ਵਾਈਸ ਚੇਅਰਪਰਸਨ ਸੋਨੀਆ ਅਗਰਵਾਲ ਨੇ ਕਿਹਾ ਕਿ ਕਮਿਸ਼ਨ ਲਗਾਤਾਰ ਔਰਤਾਂ ਲਈ ਕੰਮ ਕਰ ਰਿਹਾ ਹੈ, ਸਮੇਂ-ਸਮੇਂ ’ਤੇ ਕੈਂਪ ਲਾ ਕੇ ਉਨ੍ਹਾਂ ਨੂੰ ਕਾਨੂੰਨੀ ਹੱਕਾਂ ਪ੍ਰਤੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਨੂੰ ਪੀੜਤ ਔਰਤਾਂ ਤੋਂ ਜੋ ਵੀ ਸ਼ਿਕਾਇਤ ਮਿਲਦੀ ਹੈ ਉਨ੍ਹਾਂ ’ਤੇ ਸਕਾਰਾਤਮਕ ਸੋਚ ਨਾਲ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਨੂੰ ਜੀਵਨ ਵਿੱਚ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਜੇਲ੍ਹ ਸੁਪਰੀਡੈਂਟ ਅਮਿਤ ਕੁਮਾਰ, ਡੀਆਈਪੀਆਰਓ ਧਰਮਿੰਦਰ ਕੁਮਾਰ, ਏਪੀਆਰਓ ਬਲਰਾਮ ਸ਼ਰਮਾ ਤੇ ਜੇਲ੍ਹ ਨਾਲ ਸਬੰਧਤ ਅਧਿਕਾਰੀ ਮੌਜੂਦ ਸਨ।