ਐੱਸਡੀਐੱਮ ਵੱਲੋਂ ਨੌਗਾਵਾਂ ਨੇੜੇ ਐੱਸਵਾਈਐੱਲ ’ਚ ਪਏ ਪਾੜ ਦਾ ਜਾਇਜ਼ਾ
ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 25 ਜੁਲਾਈ
ਸਬ-ਡਿਵੀਜ਼ਨ ਦੇ ਪਿੰਡ ਨੌਗਾਵਾਂ ਨੇੜੇ ਐੱਸਵਾਈਐੱਲ ਦੇ ਉਪਰ ਬਣੀ ਰੇਲਵੇ ਲਾਈਨ ਕੋਲ ਪਏ ਪਾੜ ਕਾਰਨ ਮੋਰਿੰਡਾ-ਖਰੜ ਵੱਲੋਂ ਪਾਣੀ ਆਉਣ ਕਾਰਨ ਬਣੇ ਹਾਲਾਤ ਦਾ ਜਾਇਜ਼ਾ ਲੈਣ ਲਈ ਐੱਸਡੀਐੱਮ ਅਸ਼ੋਕ ਕੁਮਾਰ ਨੇ ਸਿੰਜਾਈ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸੰਦੀਪ ਕੁਮਾਰ, ਲੋਕ ਨਿਰਮਾਣ ਵਿਭਾਗ ਦੇ ਐੱਸਡੀਓ ਦਲਜੀਤ ਸਿੰਘ ਅਤੇ ਨਾਇਬ ਤਹਿਸੀਲਦਾਰ ਦੀਪਕ ਭਾਰਦਵਾਜ ਸਮੇਤ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਪਿੰਡ ਨੌਗਾਵਾਂ ਨੇੜੇ ਐੱਸਵਾਈਐੱਲ ਦੇ ਉਪਰ ਬਣੀ ਰੇਲਵੇ ਲਾਈਨ ਦੇ ਖੱਬੇ ਪਾਸੇ ਭਾਖੜਾ ਵਿੱਚ ਪਾੜ ਪੈਣ ਕਾਰਨ ਪਾਣੀ ਬਸੀ ਪਠਾਣਾਂ ਵਿੱਚ ਆ ਗਿਆ ਹੈ, ਜਿਸ ਦੇ ਫੌਰੀ ਹੱਲ ਲਈ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਨਾਲ ਸੰਪਰਕ ਕਰ ਕੇ ਇਸ ਪਾਣੀ ਨੂੰ ਡਾਇਵਰਟ ਕਰਨ ਜਾਂ ਇਸ ਦੇ ਹੋਰ ਢੁੱਕਵੇਂ ਹੱਲ ਲਈ ਕਿਹਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਲਾਕੇ ਵਿੱਚ ਆਇਆ ਪਾਣੀ ਬਰਸਾਤ ਅਤੇ ਸੀਵਰੇਜ ਦਾ ਹੈ ਜਿਸ ਦਾ ਢੁਕਵਾਂ ਹੱਲ ਕਰਨ ਲਈ ਗੱਲਬਾਤ ਦਾ ਸਿਲਸਿਲਾ ਜਾਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਸ਼ਾਸਨ ਸਮੱਸਿਆ ਦੇ ਹੱਲ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕਰੇਗਾ, ਇਸ ਲਈ ਲੋਕ ਅਫਵਾਹਾਂ ’ਤੇ ਯਕੀਨ ਨਾ ਕਰਨ।