ਜਸਵਿੰਦਰ ਖਹਿਰਾ ਵੱਲੋਂ ਉਸਾਰੀ ਅਧੀਨ ਪੁਲ ਦਾ ਜਾਇਜ਼ਾ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 22 ਅਗਸਤ
ਜਨ ਨਾਇਕ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਸ਼ੂਗਰਕੇਨ ਕੰਟਰੋਲ ਬੋਰਡ ਦੇ ਮੈਂਬਰ ਡਾ. ਜਸਵਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਲੁੱਖੀ-ਬਚਗਾਵਾਂ ਸੜਕ ’ਤੇ ਪੁਲ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੇ ਕਹਿਣ ’ਤੇ ਇਸ ਪੁਲ ਦਾ ਨਿਰਮਾਣ ਕਾਰਜ ਤੇਜ਼ੀ ਨਾਲ ਚੱਲ ਰਿਹਾ ਹੈ। ਡਾ. ਖਹਿਰਾ ਅੱਜ ਪੁਲ ਦੇ ਨਿਰਮਾਣ ਕਾਰਜ ਦਾ ਨਿਰੀਖਣ ਕਰਨ ਉਪਰੰਤ ਗੱਲਬਾਤ ਕਰ ਰਹੇ ਸਨ। ਖਹਿਰਾ ਨੇ ਕਿਹਾ ਕਿ ਇਹ ਪੁਲ ਡੇਢ ਮਹੀਨੇ ਵਿਚ ਪੂਰਾ ਹੋ ਜਾਏਗਾ। ਉਨ੍ਹਾਂ ਕਿਹਾ ਕਿ ਪਹਿਲਾਂ ਇਥੇ ਬਣਿਆ ਪੁਲ ਬਹੁਤ ਛੋਟਾ ਸੀ ਜਿਸ ਕਾਰਨ ਹਰ ਵੇਲੇ ਕਿਸੇ ਹਾਦਸੇ ਦਾ ਡਰ ਬਣਿਆ ਰਹਿੰਦਾ ਸੀ। ਜਿਸ ’ਤੇ ਉਨ੍ਹਾਂ ਨੇ ਇਹ ਸਮੱਸਿਆ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਸਾਹਮਣੇ ਰੱਖੀ ਤਾਂ ਉਨ੍ਹਾਂ ਨੇ ਫੌਰੀ ਤੌਰ ’ਤੇ ਮਨਜ਼ੂਰੀ ਦੇ ਦਿੱਤੀ ਤੇ ਕੰਮ ਸ਼ੁਰੂ ਕਰਵਾ ਦਿੱਤਾ। ਇਹ ਪੁਲ ਸਟੀਲ ਦਾ ਬਣਾਇਆ ਜਾ ਰਿਹਾ ਹੈ। ਖਹਿਰਾ ਨੇ ਕਿਹਾ ਕਿ ਮਲਿਕ ਪੁਰ ਤੋਂ ਲੁੱਖੀ ਹੁੰਦੇ ਹੋਏ ਪਿੰਡ ਭਿਵਾਨੀ ਖੇੜਾ ਤਕ ਸੜਕ ਦਾ ਨਿਰਮਾਣ ਵੀ ਸ਼ੁਰੂ ਹੋ ਗਿਆ ਹੈ, ਜਿਸ ’ਤੇ ਕਰੀਬ 8 ਕਰੋੜ ਰੁਪਏ ਦੀ ਰਕਮ ਖਰਚ ਹੋਵੇਗੀ। ਪਿਹੋਵਾ ਤੋਂ ਕੁਰੂਕਸ਼ੇਤਰ ਨੂੰ ਜੋੜਨ ਵਾਲੀ ਇਹ ਅਹਿਮ ਸੜਕ ਹੈ। ਇਸ ਦੇ ਬਣਨ ਨਾਲ ਖੇਤਰ ਦੇ ਲੋਕਾਂ ਨੂੰ ਬਹੁਤ ਫਾਇਦਾ ਮਿਲੇਗਾ। ਇਨ੍ਹਾਂ ਕਾਰਜਾਂ ਲਈ ਉਨ੍ਹਾਂ ਨੇ ਉੱਪ ਮੁੱਖ ਮੰਤਰੀ ਦਾ ਧੰਨਵਾਦ ਕੀਤਾ।