ਵਿਧਾਇਕ ਤੇ ਐੱਸਡੀਐੱਮ ਵੱਲੋਂ ਘੱਗਰ ਨੇਡ਼ਲੇ ਇਲਾਕੇ ਦਾ ਜਾਇਜ਼ਾ
ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, 1 ਜੁਲਾਈ
ਇੱਥੇ ਹਰਿਆਣਾ ਪੰਜਾਬ ਸਰਹੱਦ ’ਤੇ ਸਥਿਤ ਸਰੋਲਾ ਪਿੰਡ ਦੇ ਕੋਲ ਘੱਗਰ ਦਰਿਆ ਵਿੱਚ ਡੁੱਬ ਕੇ ਮਰਨ ਵਾਲੇ ਪਸ਼ੂਆਂ ਦੀ ਗਿਣਤੀ ਵਧ ਕੇ 40 ਤੋਂ ਪਾਰ ਹੋ ਗਈ ਹੈ। ਇਸ ਦੌਰਾਨ ਹਲਕਾ ਵਿਧਾਇਕ ਈਸ਼ਵਰ ਸਿੰਘ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਪੀਡ਼ਤਾਂ ਨੂੰ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਪੰਜਾਬ ਦੇ ਮਾਲੇਰਕੋਟਲਾ ਤੋਂ ਕੁੱਝ ਚਰਵਾਹੇ ਪਰਿਵਾਰ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣੇ ਕਰੀਬ 70 ਪਸ਼ੂਆਂ ਨੂੰ ਲੈ ਕੇ ਹਰਿਆਣਾ ਦੇ ਗੂਹਲਾ ਚੀਕਾ ਖੇਤਰ ਵਿੱਚ ਆਏ ਸਨ। ਉਨ੍ਹਾਂ ਨੇ ਪੰਜਾਬ ਦੀ ਸੀਮਾ ਖਤਮ ਹੋਣ ਮਗਰੋਂ ਪਿੰਡ ਸਰੋਲਾ ਵਿੱਚ ਆਪਣਾ ਪਹਿਲਾ ਪੜਾਅ ਰੱਖਿਆ ਸੀ ਅਤੇ ਕੁੱਝ ਦਿਨਾਂ ਤੋਂ ਇੱਥੇ ਰਹਿ ਰਹੇ ਸਨ । ਚਰਵਾਹਾ ਪਰਿਵਾਰਾਂ ਦੇ ਮੁਖੀ ਲਿਆਕਤ ਅਲੀ ਨੇ ਦੱਸਿਆ ਕਿ ਬੀਤੇ ਦਿਨ ਸਾਰੇ ਪਸ਼ੂ ਘਾਹ ਚਰਦੇ-ਚਰਦੇ ਘੱਗਰ ਵਿੱਚ ਉੱਤਰ ਗਏ। ਜਦੋਂ ਕਾਫ਼ੀ ਦੇਰ ਬਾਅਦ ਵੀ ਪਸ਼ੂ ਵਾਪਸ ਨਾ ਪਰਤੇ ਤਾਂ ਉਨ੍ਹਾਂ ਨੂੰ ਕਈ ਪਸ਼ੂ ਮਰੋ ਹੋਏ ਮਿਲੇ। ਮਗਰੋਂ ਉਨ੍ਹਾਂ ਪਿੰਡ ਵਾਸੀਆਂ ਦੀ ਮਦਦ ਨਾਲ ਪਸ਼ੂਆਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਪਰ ਉਦੋਂ ਤੱਕ ਉਨ੍ਹਾਂ ਦੇ ਦਰਜਨਾਂ ਪਸ਼ੂ ਮਾਰੇ ਜਾ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਘੱਗਰ ਦਰਿਆ ਵਿੱਚ ਪੱਤਾ ਘਾਹ ਖੜਾ ਹੈ ਅਤੇ ਪਸ਼ੂ ਉਸ ਵਿੱਚ ਫਸ ਕੇ ਦਮ ਤੋੜ ਗਏ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਤਕ ਮਰਨ ਵਾਲੇ ਪਸ਼ੂਆਂ ਦੀ ਗਿਣਤੀ 32 ਸੀ ਪਰ ਕੁੱਝ ਹੋਰ ਵੀ ਪਸ਼ੂ ਮਰ ਗਏ ਹਨ, ਜਿਸ ਕਾਰਨ ਮਰਨ ਵਾਲੇ ਪਸ਼ੂਆਂ ਦੀ ਗਿਣਤੀ 40 ਤੋਂ ਪਾਰ ਹੋ ਗਈ ਹੈ । ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਕਰੀਬ 30 ਲੱਖ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋ ਗਿਆ ਹੈ।
ਐੱਸਡੀਐੱਮ ਗੂਹਲਾ ਜੋਤੀ ਮਿੱਤਲ ਨੇ ਕਿਹਾ ਕਿ ਪਸ਼ੂਆਂ ਦਾ ਪੋਸਟਮਾਰਟਮ ਕਰਵਾ ਕੇ ਸਰਕਾਰ ਨੂੰ ਰਿਪੋਰਟ ਭੇਜੀ ਜਾਵੇਗੀ ਅਤੇ ਰਿਪੋਰਟ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ। ਐੱਸਡੀਐੱਮ ਦੇ ਦੌਰੇ ਮਗਰੋਂ ਪਸ਼ੂ ਡਾਕਟਰਾਂ ਦੀ ਇੱਕ ਟੀਮ ਮੌਕੇ ’ਤੇ ਪਹੁੰਚੀ ਅਤੇ ਮਰੇ ਪਸ਼ੂਆਂ ਦਾ ਪੋਸਟਮਾਰਟਮ ਕੀਤਾ। ਪੋਸਟਮਾਰਟਮ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਸਾਰੇ ਪਸ਼ੂਆਂ ਦੀ ਮੌਤ ਪਾਣੀ ਵਿੱਚ ਡੁੱਬਣ ਅਤੇ ਦਮ ਘੁਟਣ ਨਾਲ ਹੋਣ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਦੱਸਿਆ ਕਿ ਆਮ ਤੌਰ ’ਤੇ ਪਸ਼ੂ ਡੁੱਬਦੇ ਨਹੀਂ ਪਰ ਘੱਗਰ ਵਿੱਚ ਪੱਤਾ ਘਾਹ ਖੜਾ ਹੋਣ ਕਾਰਨ ਪਸ਼ੂ ਉਸ ਵਿੱਚ ਫਸ ਗਏ ਅਤੇ ਪੱਤਿਆਂ ਵਿੱਚ ਉਲਝਣ ਕਾਰਨ ਉਹ ਉਪਰ ਨਹੀਂ ਆ ਸਕੇ।