ਵਿਧਾਇਕ ਵੱਲੋਂ ਤਹਿਸੀਲ ਕੰਪਲੈਕਸ ਦੀ ਇਮਾਰਤ ਦਾ ਜਾਇਜ਼ਾ
ਰਾਜਿੰਦਰ ਜੈਦਕਾ
ਅਮਰਗੜ੍ਹ, 28 ਨਵੰਬਰ
ਇੱਥੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੇ ਨਵੀਂ ਬਣ ਰਹੀ ਤਹਿਸੀਲ ਕੰਪਲੈਕਸ ਦੀ ਇਮਾਰਤ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਇਮਾਰਤ ਦਾ ਕੰਮ ਛੇਤੀ ਪੂਰਾ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਕਾ ਅਮਰਗੜ੍ਹ ਨੂੰ ਅਹਿਮਦਗੜ੍ਹ ਤੇ ਅਮਰਗੜ੍ਹ ਦੋ ਤਹਿਸੀਲਾਂ ਦਿੱਤੀਆਂ ਹਨ ਜਿਨ੍ਹਾਂ ਦਾ ਉਦਘਾਟਨ ਮੁੱਖ ਮੰਤਰੀ 31 ਮਾਰਚ ਤੋਂ ਪਹਿਲਾਂ ਕਰਨਗੇ। ਇਹ ਕੰਪਲੈਕਸ ਚੰਡੀਗੜ੍ਹ ਦੀਆਂ ਇਮਾਰਤਾਂ ਵਾਂਗ ਬਣਾਏ ਜਾ ਰਹੇ ਹਨ। ਕੰਪਲੈਕਸ ਲਈ ਚਾਰ ਏਕੜ ਜਗ੍ਹਾ ਰੱਖੀ ਹੈ ਤਾਂ ਜੋ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ। ਇਸ ਇਮਾਰਤ ਵਿਚ ਤਹਿਸੀਲ ਦੇ ਸਾਰੇ ਦਫਤਰ ਆਉਣਗੇ। ਹਲਕਾ ਅਮਰਗੜ੍ਹ ਨੂੰ ਇੱਕ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ। ਪਲਾਟਾਂ ਦੀਆਂ ਰਜਿਸਟਰੀਆਂ ਬਗੈਰ ਐਨਓਸੀ ਕਰਨ ਬਾਰੇ ਉਨ੍ਹਾਂ ਕਿਹਾ ਕਿ ਸਿਸਟਮ ਨੂੰ ਸ਼ੁਰੂ ਕਰਨ ਲਈ ਸਮਾਂ ਲੱਗਦਾ ਹੈ। ਥੋੜ੍ਹੇ ਸਮੇਂ ’ਚ ਹੀ ਰਜਿਸਟਰੀਆਂ ਕੀਤੀਆਂ ਜਾਣਗੀਆਂ। ਇਸ ਮੌਕੇ ਐਕਸੀਅਨ ਪਰਨੀਤ ਕੌਰ, ਐੱਸਡੀਓ ਮਨਪ੍ਰੀਤ ਸਿੰਘ, ਪੀਏ ਰਾਜੀਵ ਕੁਮਾਰ, ਸੀਨੀਅਰ ਆਗੂ ਸਰਬਜੀਤ ਸਿੰਘ ਗੋਗੀ, ਨਗਰ ਪੰਚਾਇਤ ਦੇ ਮੀਤ ਪ੍ਰਧਾਨ ਗੁਰਦਾਸ ਸਿੰਘ, ਬਿੱਟੂ ਬਨਭੌਰਾ, ਸਰਪੰਚ ਪ੍ਰਭਦੀਪ ਸਿੰਘ ਬੱਬਰ, ਸਰਪੰਚ ਬਲਬੀਰ ਸਿੰਘ ਬਾਠਾਂ, ਸ਼ਰਧਾ ਰਾਮ ਤੇ ਗੁਰਦੀਪ ਸਿੰਘ ਆਦਿ ਹਾਜ਼ਰ ਸਨ।