ਜੌੜਾਮਾਜਰਾ ਤੇ ਅਰੋੜਾ ਵੱਲੋਂ ਵਿਸ਼ੇਸ਼ ਕੈਂਪਾਂ ਦਾ ਜਾਇਜ਼ਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 10 ਫਰਵਰੀ
‘ਆਪ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਪਟਿਆਲਾ ਜ਼ਿਲ੍ਹੇ ਵਿੱਚ ਪਿਛਲੇ ਦਿਨਾਂ ਤੋਂ ਵਿਸ਼ੇਸ਼ ਕੈਂਪ ਲਾ ਕੇ ਲੋਕਾਂ ਨੂੰ 45 ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸੇ ਦੌਰਾਨ ਅੱਜ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਇਨਾ ਕੈਂਪਾਂ ਦਾ ਜਾਇਜ਼ਾ ਲਿਆ। ਇਸ ਮੌਕੇ ‘ਆਪ’ ਦੇ ਲੋਕ ਸਭਾ ਹਲਕਾ ਪਟਿਆਲਾ ਦੇ ਇੰਚਾਰਜ ਅਤੇ ਬੁਲਾਰੇ ਇੰਦਰਜੀਤ ਸਿੰਘ ਸੰਧੂ ਸਮੇਤ ਹੋਰ ‘ਆਪ’ ਆਗੂ ਵੀ ਉਨ੍ਹਾਂ ਨਾਲ ਮੌਜੂਦ ਸਨ। ਇੰਦਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਇਨ੍ਹਾਂ 45 ਸੇਵਾਵਾਂ ਵਿੱਚ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਬੁਢਾਪਾ ਪੈਨਸ਼ਨ, ਪੰਜਾਬ ਨਿਵਾਸੀ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਉਸਾਰੀ ਮਜ਼ਦੂਰਾਂ ਦੀ ਰਜਿਸਟਰੇਸ਼ਨ, ਮਾਲ ਰਿਕਾਰਡ ਦੀ ਜਾਂਚ, ਮੈਰਿਜ ਰਜਿਸਟਰਡ, ਪੁਲੀਸ ਵੈਰੀਫਿਕੇਸ਼ਨ ਤੇ ਜ਼ਮੀਨਾਂ ਦੀ ਹੱਦਬੰਦੀ ਆਦਿ ਸੇਵਾਵਾਂ ਸ਼ਾਮਲ ਹਨ। ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦਾ ਕਹਿਣਾ ਸੀ ਕਿ ਇਹ ਪਹਿਲੀ ਅਜਿਹੀ ਸਰਕਾਰ ਹੈ ਜੋ ਲੋਕਾਂ ਦੇ ਸਰਕਾਰੀ ਕੰਮ ਕਰਨ ਲਈ ਖੁਦ ਉਨ੍ਹਾਂ ਦੇ ਘਰਾਂ ਤੱਕ ਦਸਤਕ ਦੇ ਰਹੀ ਹੈ। ਮੌਕੇ ਟਰਾਂਸਪੋਰਟਰ ਅਮਰੀਕ ਸਿੰਘ ਭਾਂਡਰੀ, ਮੁਲਾਜ਼ਮ ਆਗੂ ਬਚਿੱਤਰ ਸਿੰਘ ਸਣੇ ਕਈ ਹੋਰ ਆਗੂ ਵੀ ਮੌਜੂਦ ਸਨ।
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪੰਜਾਬ ਸਰਕਾਰ ਵੱਲੋਂ ਲਗਾਏ ਜਾ ਰਹੇ ਵਿਸ਼ੇਸ਼ ਕੈਂਪਾਂ ਨੂੰ ਲੋਕਾਂ ਲਈ ਵਰਦਾਨ ਕਰਾਰ ਦਿੰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਕਿਸੇ ਵੀ ਪਾਰਟੀ ਦੀ ਸਰਕਾਰ ਨੇ ਲੋਕਾਂ ਦੇ ਫਾਇਦਿਆਂ ਨੂੰ ਯਕੀਨੀ ਬਣਾਉਣ ਲਈ ਅਜਿਹੀ ਪਹਿਲਕਦਮੀ ਨਹੀਂ ਕੀਤੀ। ਉਨ੍ਹਾਂ ਸ਼ਹਿਰ ਦੇ ਵਾਰਡ ਨੰਬਰ 5 ਵਿੱਚ ਸਥਿਤ ਸ਼ਿਵ ਕੁਟੀ ਮੰਦਿਰ ਵਿਖੇ ਲਾਏ ਗਏ ਇਸ ਵਿਸ਼ੇਸ਼ ਕੈਂਪ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਲੋਕ ਹਮਾਇਤੀ ਸੋਚ ਦਾ ਪ੍ਰਤੱਖ ਸਬੂਤ ਹੈ ਕਿ ਪੂਰੇ ਸੂਬੇ ਵਿੱਚ ਰੋਜ਼ਾਨਾ ਸੈਂਕੜੇ ਅਜਿਹੇ ਕੈਂਪ ਲਾ ਕੇ ਲੋਕਾਂ ਨੂੰ ਸਰਵੋਤਮ ਸੁਵਿਧਾਵਾਂ ਉਨ੍ਹਾਂ ਦੇ ਘਰਾਂ ਨਜ਼ਦੀਕ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਅਮਨ ਅਰੋੜਾ ਨੇ ਕਿਹਾ ਕਿ ਹਲਕਾ ਸੁਨਾਮ ਵਿਖੇ ਇਨ੍ਹਾਂ ਕੈਂਪਾਂ ਦਾ ਲਾਭ ਲੈਣ ਵਾਲਿਆਂ ਵਿਚ ਉਤਸ਼ਾਹ ਹੈ ਅਤੇ ਨਾਗਰਿਕਾਂ ਦੇ ਕੀਮਤੀ ਸਮੇਂ ਦੀ ਬੱਚਤ ਹੋ ਰਹੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਅਹਿਮ ਲੋਕ ਪੱਖੀ ਅਤੇ ਉਸਾਰੂ ਉਪਰਾਲਾ ਹੈ ਜਿਸ ਦੀ ਚੁਫੇਰਿਓਂ ਸ਼ਲਾਘਾ ਕੀਤੀ ਜਾ ਰਹੀ ਹੈ।