ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸਰਹਿੰਦ ਚੋਅ ਦਾ ਜਾਇਜ਼ਾ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 14 ਜੁਲਾਈ
ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਸੁਨਾਮ ਵਿੱਚ ਸਰਹਿੰਦ ਚੋਅ ਵਿੱਚ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਇਲਾਕਾ ਨਿਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਸਰਹਿੰਦ ਚੋਅ ਦਾ ਪਾਣੀ ਅਗਲੇ 24 ਘੰਟਿਆਂ ਵਿੱਚ ਘਟਣ ਦੀ ਪੂਰੀ ਸੰਭਾਵਨਾ ਹੈ। ਉਨ੍ਹਾਂ ਸੰਗਰੂਰ ਰੋਡ ’ਤੇ ਚੱਠੇ ਨਕਟੇ ਪੁਲ, ਓਵਰ ਬ੍ਰਿਜ ਨੇੜੇ ਸਕੂਟਰ ਮੋਟਰ ਸਾਈਕਲ ਮਾਰਕੀਟ, ਸਿਵਲ ਹਸਪਤਾਲ ਕੋਲ ਆਦਿ ਥਾਵਾਂ ’ਤੇ ਅਧਿਕਾਰੀਆਂ ਸਮੇਤ ਸਰਹਿੰਦ ਚੋਅ ਦਾ ਨਿਰੀਖਣ ਕਰਨ ਮਗਰੋਂ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਦਨਿਾਂ ਵਿੱਚ ਇੱਕ ਦਮ ਪਾਣੀ ਦਾ ਪੱਧਰ ਵਧ ਜਾਣ ਕਾਰਨ ਸਰਹਿੰਦ ਚੋਅ ਦਾ ਪਾਣੀ ਕੁਝ ਉਛਲਿਆ ਜ਼ਰੂਰ ਸੀ ਪਰ ਸਥਿਤੀ ਕਾਬੂ ਵਿੱਚ ਹੈ ਅਤੇ ਪ੍ਰਸ਼ਾਸਨ ਹਰੇਕ ਤਰ੍ਹਾਂ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਪੱਬਾਂ ਭਾਰ ਹੈ।
ਡਕਾਲਾ (ਪੱਤਰ ਪ੍ਰੇਰਕ): ਸੂਚਨਾ ਅਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇੇ ਅੱਜ ਖ਼ੁਦ ਹੜ੍ਹ ਪ੍ਰਭਾਵਿਤ ਪਿੰਡਾਂ ਸੱਸਾ ਗੁੱਜਰਾਂ, ਧਰਮੇਹੜੀ, ਘਿਉਰਾ, ਧਨੌਰੀ, ਸੱਸੀ, ਸੱਸਾ ਥੇਹ, ਹਰੀਪੁਰ ਆਦਿ ਦੇ ਵਸਨੀਕਾਂ ਤੱਕ ਰਾਹਤ ਸਮੱਗਰੀ ਆਦਿ ਪਹੁੰਚਾਉਣ ਲਈ ਅਗਵਾਈ ਕੀਤੀ। ਉਨ੍ਹਾਂ ਕਿਹਾ ਕਿ ਅੱਜ ਬੀਬੀ ਜੈਇੰਦਰ ਕੌਰ ਕਿੱਥੇ ਹਨ, ਉਨ੍ਹਾਂ ਨੂੰ ਅੱਜ ਵੀ ਲੋਕਾਂ ਦੀ ਸਾਰ ਲੈਣੀ ਚਾਹੀਦੀ ਸੀ। ਹਾਲੇ ਤਾਂ ਪਿੰਡਾਂ ਵਿੱਚੋਂ ਪਾਣੀਆਂ ਉਤਰਿਆ ਨਹੀਂ ਅਤੇ ਲੋਕਾਂ ਨੂੰ ਵੀ ਮਦਦ ਦੀ ਲੋੜ ਹੈ। ਅਸਲ ਵਿੱਚ ਬੀਬੀ ਜੈਇੰਦਰ ਕੌਰ ਸਿਰਫ਼ ਰਾਜਨੀਤੀ ਕਰਨ ਆਈ ਸੀ ਜਦਕਿ ਅੱਜ ਔਖੀ ਘੜੀ ਵਿੱਚ ਲੋਕਾਂ ਦਾ ਹੱਥ ਫੜਨ ਦਾ ਸਮਾਂ ਹੈ ਨਾ ਕਿ ਸਿਆਸਤ ਚਮਕਾਉਣ ਦਾ।’’ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਹੜ੍ਹ ਦੀ ਲਪੇਟ ਵਿੱਚ ਆਏ ਪਿੰਡ ਸੱਸਾਂ ਗੁੱਜਰਾਂ ਦੇ ਭਗਵਾਨ ਦਾਸ ਦੇ ਅੰਤਮ ਸਸਕਾਰ ਵਿੱਚ ਵੀ ਸ਼ਾਮਲ ਹੋਏ। ਭਗਵਾਨ ਦਾਸ (30) ਹੜ੍ਹਾਂ ਦੇ ਪਾਣੀ ਵਿੱਚ ਰੁੜ੍ਹ ਗਿਆ ਸੀ। ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ।
ਅਕਾਲੀ ਆਗੂ ਨੇ ਹੜ੍ਹ ਪੀੜਤ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ
ਭਵਾਨੀਗੜ੍ਹ (ਪੱਤਰ ਪ੍ਰੇਰਕ): ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਨਿਰਜੀਤ ਸਿੰਘ ਗੋਲਡੀ ਵਲੋਂ ਸਰਹਿੰਦ ਚੋਏ ਦੇ ਖੇਤਾਂ ਵਿੱਚ ਭਰੇ ਪਾਣੀ ਦਾ ਜਾਇਜ਼ਾ ਲੈਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਰਕਾਰ ਦੀ ਅਣਗਹਿਲੀ ਹੈ। ਉਨ੍ਹਾਂ ਕਿਹਾ ਕਿ ਕਈ ਥਾਵਾਂ ’ਤੇ ਸਰਕਾਰ ਦੀ ਅਣਗਹਿਲੀ ਕਾਰਨ ‘ਆਪ’ ਸਰਕਾਰ ਦੇ ਵਿਧਾਇਕਾਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਨੂੰ ਪਤਾ ਸੀ ਕਿ ਹੜ੍ਹ ਆਉਣ ਦੀ ਸੰਭਾਵਨਾ ਹੈ, ਤਾਂ ਕੇਂਦਰ ਸਰਕਾਰ ਤੋਂ ਪਹਿਲਾਂ ਹੀ ਫੰਡ ਮਨਜ਼ੂਰ ਕਰਵਾ ਲੈਣੇ ਸਨ। ਵਨਿਰਜੀਤ ਸਿੰਘ ਗੋਲਡੀ ਨੇ ਦੱਸਿਆ ਕਿ ਡਿਵੀਜ਼ਨ ਭਵਾਨੀਗੜ੍ਹ ਦੇ ਪਿੰਡਾਂ ਵਿੱਚੋਂ ਲੰਘਦੇ ਸਰਹਿੰਦ ਚੋਏ ਵਿੱਚ ਬੀਤੀ ਰਾਤ ਬਹੁਤ ਜ਼ਿਆਦਾ ਪਾਣੀ ਵਧਣ ਕਾਰਨ ਅੱਧੀ ਦਰਜਨ ਪਿੰਡਾਂ ਦਾ ਸੈਂਕੜੇ ਏਕੜ ਝੋਨਾ ਡੁੱਬ ਗਿਆ। ਪਾਣੀ ਦੀ ਲਪੇਟ ਵਿੱਚ ਆਏ ਪਿੰਡ ਮਹਿਸਮਪੁਰ, ਨੰਦਗੜ੍ਹ, ਰਸੂਲਪੁਰ ਛੰਨਾਂ, ਗਹਿਲਾਂ, ਨੰਦਗੜ੍ਹ ਦੇ ਕਿਸਾਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪ੍ਰਸ਼ਾਸਨ ਨੂੰ ਅਗਾਊਂਂ ਸੁਚੇਤ ਕੀਤਾ ਸੀ ਕਿ ਸਰਹਿੰਦ ਚੋਅ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ, ਪਰ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।
ਡੀਐੱਸਪੀ ਤੇ ਐੱਸਡੀਐਮ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਸਬ ਡਿਵੀਜ਼ਨ ਦੁਧਨਸਾਧਾਂ ਇਲਾਕੇ ਵਿੱਚ ਹੜ੍ਹ ਦਾ ਪਾਣੀ ਚੱਲ ਰਿਹਾ ਹੈ। ਟਾਂਗਰੀ ਨਦੀ ਵਿੱਚ ਕਈ ਪਾੜ ਪਏ ਹੋਏ ਹਨ ਜਿਸ ਕਾਰਨ ਦੇਵੀਗੜ੍ਹ ਦੇ ਆਸ ਪਾਸ ਦੇ ਪਿੰਡਾਂ ਦੁਧਨ ਗੁੱਜਰਾਂ, ਲੇਹਲਾਂ ਜਾਗੀਰ, ਹਾਜੀਪੁਰ, ਅਦਾਲਤੀਵਾਲਾ, ਚਪਰਾਹੜ, ਰੌਹੜ ਜਾਗੀਰ, ਰੁੜਕੀ ਸਕੱਤਰ, ਰੁੜਕੀ ਮਲਕਾਨ, ਕੋਟਲਾ, ਔਝਾਂ, ਮਗਰ ਸਾਹਬਿ ਆਦਿ ਪਿੰਡਾਂ ਵਿੱਚ 2 ਤੋਂ 3 ਫੁੱਟ ਪਾਣੀ ਅਜੇ ਵੀ ਚੱਲ ਰਿਹਾ ਹੈ। ਇਨ੍ਹਾਂ ਪਿੰਡਾਂ ਦੇ ਲੋਕਾਂ ਦੀ ਸਾਰ ਲੈਣ ਲਈ ਡੀਐੱਸਪੀ ਦਿਹਾਤੀ ਪਟਿਆਲਾ ਗੁਰਦੇਵ ਸਿੰਘ ਧਾਲੀਵਾਲ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਅਤੇ ਅਮਨ-ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ। ਇਸੇ ਤਰ੍ਹਾਂ ਐੱਸਡੀਐੱਮ. ਕ੍ਰਿਪਾਲਵੀਰ ਸਿੰਘ ਦੀ ਅਗਵਾਈ ਵਿੱਚ ਫੌਜ ਦੇ ਜਵਾਨਾਂ ਅਤੇ ਐੱਨਡੀਆਰਐੱਫ ਦੀਆਂ ਟੀਮਾਂ ਦਨਿ ਰਾਤ ਲੱਗੀਆਂ ਹੋਈਆਂ ਹਨ।