ਕੌਂਸਲਰਾਂ ਵੱਲੋਂ ਧਨਾਸ ਤੇ ਬੀਆਰਡੀ ’ਚ ਸੀਵਰੇਜ ਟਰੀਟਮੈਂਟ ਪਲਾਂਟਾਂ ਦਾ ਜਾਇਜ਼ਾ
ਮੁਕੇਸ਼ ਕੁਮਾਰ
ਚੰਡੀਗੜ੍ਹ, 14 ਅਕਤੂਬਰ
ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਦੀ ਅਗਵਾਈ ਹੇਠ ਕੌਂਸਲਰਾਂ ਦੀ ਕਮੇਟੀ ਨੇ ਅੱਜ ਈਡਬਲਿਊਐੱਸ ਕਲੋਨੀ ਧਨਾਸ ਅਤੇ ਥ੍ਰੀ ਬੀਆਰਡੀ (ਬੇਸ ਰਿਪੇਅਰ ਡਿੱਪੂ) ਵਿੱਚ ਸਥਿਤ ਦੋ ਸੀਵਰੇਜ ਟਰੀਟਮੈਂਟ ਪਲਾਂਟਾਂ (ਐੱਸਟੀਪੀ) ਨੂੰ ਅਪਗਰੇਡ ਕਰਨ ਲਈ ਤਜਵੀਜ਼ਤ ਮੌਜੂਦਾ ਇਕਾਈਆਂ ਦੇ ਕੰਮ-ਕਾਜ ਦਾ ਜਾਇਜ਼ਾ ਲਿਆ ਅਤੇ ਸਮੀਖਿਆ ਕੀਤੀ।
ਮੇਅਰ ਵੱਲੋਂ ਗਠਿਤ ਕਮੇਟੀ ਨੇ ਇਨ੍ਹਾਂ ਦੋਵਾਂ ਐੱਸਟੀਪੀਜ਼ ਦੇ ਵਿਕਾਸ ਲਈ 16.40 ਕਰੋੜ ਰੁਪਏ ਮਨਜ਼ੂਰ ਕੀਤੇ ਸਨ ਅਤੇ ਇਸ ਸਬੰਧੀ ਏਜੰਡਾ 27 ਅਗਸਤ ਨੂੰ ਹੋਈ ਨਗਰ ਨਿਗਮ ਦੀ 338ਵੀਂ ਜਨਰਲ ਬਾਡੀ ਦੀ ਮੀਟਿੰਗ ਵਿੱਚ ਰੱਖਿਆ ਗਿਆ ਸੀ ਜਿੱਥੇ ਕੌਂਸਲਰਾਂ ਵੱਲੋਂ ਇਨ੍ਹਾਂ ਸੀਵਰੇਜ ਟਰੀਟਮੈਂਟ ਪਲਾਂਟਾਂ ਲਈ ਥਾਵਾਂ ਦਾ ਦੌਰਾ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ ਤਾਂ ਜੋ ਵਿਕਾਸ ਲਈ ਤਜਵੀਜ਼ਤ ਮੌਜੂਦਾ ਇਕਾਈਆਂ ਦੀ ਅਸਲ ਸਥਿਤੀ ਦਾ ਮੁਲਾਂਕਣ ਕੀਤਾ ਜਾ ਸਕੇ।
ਸਬੰਧਤ ਕਾਰਜਕਾਰੀ ਇੰਜਨੀਅਰ ਵੱਲੋਂ ਕਮੇਟੀ ਨੂੰ ਦੱਸਿਆ ਗਿਆ ਕਿ ਇਹ ਸੀਵਰੇਜ ਟਰੀਟਮੈਂਟ ਪਲਾਂਟ ਸਾਲ 2013 ਵਿੱਚ ਚਾਲੂ ਕੀਤੇ ਗਏ ਸਨ। ਮੌਜੂਦਾ ਸੀਵਰੇਜ ਟਰੀਟਮੈਂਟ ਪਲਾਂਟਾਂ ’ਤੇ ਕੋਈ ਹੋਰ ਸਿਵਲ, ਇਲੈਕਟ੍ਰੀਕਲ ਅਤੇ ਮਕੈਨੀਕਲ ਕੰਮ ਨਹੀਂ ਕੀਤਾ ਗਿਆ ਸੀ ਅਤੇ ਇਨ੍ਹਾਂ ਪਲਾਂਟਾਂ ਨੂੰ ਸਾਲ 2023 ਵਿੱਚ ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਵੱਲੋਂ ਨਗਰ ਨਿਗਮ ਨੂੰ ਸੌਂਪ ਦਿੱਤਾ ਗਿਆ ਸੀ। ਇਸ ਦੌਰਾਨ ਕੌਂਸਲਰਾਂ ਦੀ ਕਮੇਟੀ ਨੂੰ ਇੰਜਨੀਅਰਾਂ ਨੇ ਦੱਸਿਆ ਕਿ ਸਾਲ 2012-13 ਵਿੱਚ ਕੀਤੇ ਗਏ ਇਲੈਕਟ੍ਰੀਕਲ ਅਤੇ ਮਕੈਨੀਕਲ ਮਸ਼ੀਨਰੀ ਦੇ ਮੁੱਢਲੇ ਕੰਮਾਂ ਨੂੰ ਅਪਗਰੇਡ ਕਰਨ ਦੀ ਲੋੜ ਹੈ, ਇਸ ਲਈ ਇਸ ਸਬੰਧੀ ਏਜੰਡਾ ਪ੍ਰਵਾਨਗੀ ਲਈ ਜਨਰਲ ਬਾਡੀ ਅੱਗੇ ਰੱਖਿਆ ਗਿਆ ਸੀ। ਇਸ ਦੌਰਾਨ ਕੌਂਸਲਰਾਂ ਦੀ ਕਮੇਟੀ ਨੇ ਇਲੈਕਟ੍ਰੀਕਲ ਅਤੇ ਮਕੈਨੀਕਲ ਸਮੇਤ ਕੰਮ-ਕਾਜ ਅਤੇ ਮਸ਼ੀਨਰੀ ਦਾ ਜਾਇਜ਼ਾ ਲਿਆ ਅਤੇ ਅੰਤਿਮ ਫੈਸਲੇ ਲਈ ਜਲਦੀ ਤੋਂ ਜਲਦੀ ਮੁਲਾਂਕਣ ਰਿਪੋਰਟ ਤਿਆਰ ਕਰਨ ਦਾ ਫ਼ੈਸਲਾ ਕੀਤਾ। ਮੇਅਰ ਦੇ ਨਾਲ ਕੌਂਸਲਰਾਂ ਦੀ ਕਮੇਟੀ ਵਿੱਚ ਸੌਰਭ ਜੋਸ਼ੀ, ਦਲੀਪ ਸ਼ਰਮਾ, ਸਚਿਨ ਗਾਲਵ, ਪ੍ਰੇਮ ਲਤਾ, ਤਰੁਣਾ ਮਹਿਤਾ, ਮਹਿੰਦਰ ਕੌਰ, ਕੌਂਸਲਰ ਅਤੇ ਨਗਰ ਨਿਗਮ ਦੇ ਐਸਈ ਪਬਲਿਕ ਹੈਲਥ ਹਰਜੀਤ ਸਿੰਘ ਦੇ ਨਾਲ ਕਾਰਜਕਾਰੀ ਇੰਜਨੀਅਰ ਰਜਿੰਦਰ ਸਿੰਘ ਅਤੇ ਜਨ ਸਿਹਤ ਵਿੰਗ ਦੇ ਸਬੰਧਤ ਐੱਸਡੀਈਜ਼ ਸ਼ਾਮਲ ਸਨ।