ਡਿਪਟੀ ਕਮਿਸ਼ਨਰ ਵੱਲੋਂ ਸੇਵਾ ਕੇਂਦਰ ਦੀ ਜਾਂਚ
ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 14 ਅਕਤੂਬਰ
ਡਿਪਟੀ ਕਮਿਸ਼ਨਰ (ਅੰਮ੍ਰਿਤਸਰ) ਸਾਕਸ਼ੀ ਸਾਹਨੀ ਨੇ ਅੱਜ ਖੂਹ ਬੰਬੇ ਵਾਲਾ ਵਿੱਚ ਆਰਿਆ ਸਮਾਜ ਗਰਲਜ਼ ਹਾਈ ਸਕੂਲ ਦੇ ਸਾਹਮਣੇ ਸਥਿਤ ਸੇਵਾ ਕੇਂਦਰ ਦੀ ਜਾਂਚ ਕੀਤੀ ਅਤੇ ਉੱਥੇ ਚੱਲ ਰਹੇ ਕੰਮ ਨੂੰ ਵਾਚਿਆ। ਉਨ੍ਹਾਂ ਸੇਵਾ ਕੇਂਦਰ ਵਿੱਚ ਆਏ ਹੋਏ ਲੋਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਕੰਮ ਬਾਬਤ ਵਿਚਾਰ ਲਏ।
ਇਸੇ ਦੌਰਾਨ ਡਿਪਟੀ ਕਮਿਸ਼ਨਰ ਨੇ ਸੇਵਾ ਕੇਂਦਰ ਵਿੱਚ ਆਈਆਂ ਦਰਖਾਸਤਾਂ ਦੇ ਵੇਰਵੇ, ਉਨ੍ਹਾਂ ਨੂੰ ਲੱਗ ਰਹੇ ਸਮੇਂ, ਬਕਾਇਆ ਪਈਆਂ ਅਰਜ਼ੀਆਂ ਆਦਿ ਦੇ ਵੇਰਵੇ ਵੀ ਲਏ। ਸ੍ਰੀਮਤੀ ਸਾਹਨੀ ਨੇ ਸੇਵਾ ਕੇਂਦਰ ਵੱਲੋਂ ਦਿੱਤੀ ਜਾ ਰਹੀ ਸੇਵਾ ਉਤੇ ਤਸੱਲੀ ਪ੍ਰਗਟਾਈ ਅਤੇ ਮੁਲਾਜ਼ਮਾਂ ਨੂੰ ਸੇਵਾ ਭਾਵ ਨਾਲ ਨਾਗਰਿਕਾਂ ਦੀ ਮੁਸ਼ਕਿਲਾਂ ਦਾ ਹੱਲ ਕਰਨ ਦੀ ਹਦਾਇਤ ਕੀਤੀ। ਜ਼ਿਲ੍ਹਾ ਤਕਨੀਕੀ ਕੁਆਰਡੀਨੇਟਰ ਪ੍ਰਿੰਸ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 41 ਸੇਵਾ ਕੇਂਦਰ ਕੰਮ ਕਰ ਰਹੇ ਹਨ ਅਤੇ ਇਸ ਸਾਲ ਦੌਰਾਨ ਕਰੀਬ 456508 ਅਤੇ ਇਸ ਮਹੀਨੇ ਦੌਰਾਨ 94 ਹਜ਼ਾਰ ਦੇ ਕਰੀਬ ਦਰਖਾਸਤਾਂ ਇਨ੍ਹਾਂ ਵਿੱਚ ਆਈਆਂ ਹਨ, ਜਿਨ੍ਹਾਂ ਵਿੱਚੋਂ ਬਹੁਤੀਆਂ ਦਾ ਹੱਲ ਕੀਤਾ ਜਾ ਚੁੱਕਾ ਹੈ ਅਤੇ ਜੋ ਸੇਵਾਵਾਂ ਮਹਿਕਮੇ ਵਲੋਂ ਪੈਂਡਿੰਗ ਹਨ, ਉਨਾਂ ਦੀ ਵੀ ਕੁਝ ਦਿਨਾਂ ਵਿੱਚ ਹੱਲ ਹੋਣ ਦੀ ਆਸ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਵਿਸ਼ਵਾਸ ਦਿਵਾਇਆ ਕਿ ਸੇਵਾ ਕੇਂਦਰਾਂ ਦੇ ਕਰਮਚਾਰੀ ਲਗਾਤਾਰ ਕੰਮ ਕਰਦੇ ਹੋਏ ਲੋਕਾਂ ਨੂੰ ਬਿਹਤਰ ਸੇਵਾਵਾਂ ਦਿੰਦੇ ਰਹਿਣਗੇ।