ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਵੱਲੋਂ ਸਕੂਲਾਂ ਦਾ ਨਿਰੀਖਣ
ਖੇਤਰੀ ਪ੍ਰਤੀਨਿਧ
ਲੁਧਿਆਣਾ, 19 ਅਕਤੂਬਰ
ਸਰਕਾਰੀ ਸਕੂਲਾਂ ਦੀ ਆਮ ਲੋਕਾਂ ਵਿੱਚ ਬਣੀ ਛਬੀ ਨੂੰ ਹੋਰ ਵਧੀਆ ਕਰਨ ਅਤੇ ਬੱਚਿਆਂ ਨੂੰ ਸਕੂਲਾਂ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਨੇੜੇ ਤੋਂ ਦੇਖਣ ਲਈ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੇ ਅੱਜ ਵੱਖ ਵੱਖ ਸਕੂਲਾਂ ਦਾ ਦੌਰਾ ਕੀਤਾ।
ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਕੌਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਕੰਗਣਵਾਲ, ਸਰਕਾਰੀ ਪ੍ਰਾਇਮਰੀ ਸਕੂਲ ਜਸਪਾਲ ਬਾਂਗਰ ਤੇ ਸਰਕਾਰੀ ਪ੍ਰਾਇਮਰੀ ਸਕੂਲ ਨੀਲੋਂ ਕਲਾਂ ਸਮੇਤ ਕੁਝ ਹੋਰ ਸਕੂਲਾਂ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਜ਼ਿਲ੍ਹਾ ਅਧਿਕਾਰੀ ਨੇ ਬੱਚਿਆਂ ਨੂੰ ਮਿੱਡ-ਡੇਅ ਮੀਲ ਦੌਰਾਨ ਦਿੱਤੇ ਜਾ ਰਹੇ ਭੋਜਨ ਦੀ ਜਾਂਚ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਬੱਚਿਆਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਤੀਸਰੀ ਜਮਾਤ ਦੇ ਬੱਚਿਆਂ ਦੀਆਂ ਓਐੱਮਆਰ ਸ਼ੀਟਾਂ, ਚੌਥੀ ਤੇ ਪੰਜਵੀਂ ਜਮਾਤ ਦੇ ਸਤੰਬਰ ਮੁਲਾਂਕਣ ਦਾ ਰਿਕਾਰਡ ਚੈੱਕ ਕੀਤਾ। ਟੀਚੇ ਤੋਂ ਪਿੱਛੇ ਰਹਿਣ ਵਾਲੇ ਬੱਚਿਆਂ ਲਈ ਰੈਮੀਡੀਅਲ ਕੋਚਿੰਗ ਜਾਰੀ ਰੱਖਣ ਦੀ ਹਦਾਇਤ ਕੀਤੀ ਗਈ। ਦੌਰੇ ਦੌਰਾਨ ਡੀਈਓ ਐਲੀਮੈਂਟਰੀ ਵੱਲੋਂ ਸਮੂਹ ਸਟਾਫ਼ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਸਮੂਹ ਸਟਾਫ਼ ਵੱਲੋਂ ਕਰਵਾਏ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਗਈ।