ਆਤਿਸ਼ੀ ਵੱਲੋਂ ਪੰਜ ਸਬ-ਵੇਅਜ਼ ਦੀ ਮੁਰੰਮਤ ਦਾ ਨਿਰੀਖਣ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 1 ਜੁਲਾਈ
ਦਿੱਲੀ ਦੀ ਲੋਕ ਨਿਰਮਾਣ ਮੰਤਰੀ ਆਤਿਸ਼ੀ ਨੇ ਅੱਜ ਦਿੱਲੀ ਦੇ ਪੰਜ ਸਬ-ਵੇਅਜ਼ ਦਾ ਨਿਰੀਖਣ ਕੀਤਾ। ਜ਼ਿਕਰਯੋਗ ਹੈ ਕਿ ਆਤਿਸ਼ੀ ਨੇ ਦਿੱਲੀ ਦੇ ਸਬ-ਵੇਅਜ਼ ਦੀ ਮੁਰੰਮਤ ਲਈ ਸਬੰਧਤ ਵਿਭਾਗ ਨੂੰ 1 ਮਹੀਨੇ ਦਾ ਅਲਟੀਮੇਟਮ ਦਿੱਤਾ ਸੀ। ਅੱਜ ਇੱਕ ਮਹੀਨਾ ਪੂਰਾ ਹੋਣ ’ਤੇ ਲੋਕ ਨਿਰਮਾਣ ਮੰਤਰੀ ਨੇ ਅਧਿਕਾਰੀਆਂ ਨਾਲ ਗ੍ਰੇਟਰ ਕੈਲਾਸ਼ ਮੈਟਰੋ ਨੇੜੇ ਮਸਜਿਦ ਮੋਠ ਸਬਵੇਅ, ਨਹਿਰੂ ਪਲੇਸ ਸਬਵੇਅ, ਲਾਜਪਤ ਨਗਰ ਸਬਵੇਅ, ਐਂਡਰਿਊਜ਼ ਗੰਜ ਸਬ-ਵੇਅ ਤੇ ਲਾਜਪਤ ਨਗਰ ਮੈਟਰੋ ਸਟੇਸ਼ਨ ਸਬਵੇਅ ਦਾ ਨਿਰੀਖਣ ਕੀਤਾ।
ਇਸ ਦੌਰਾਨ ਅਧਿਖਾਰੀਆਂ ਨੇ ਦੱਸਿਆ ਕਿ ਸਬ-ਵੇਅ ਵਿੱਚ ਸਫਾਈ ਦੇ ਨਾਲ-ਨਾਲ ਲੋੜੀਂਦੀ ਰੌਸ਼ਨੀ ਦਾ ਪ੍ਰਬੰਧ ਹੈ। ਇਸ ਤਰ੍ਹਾਂ ਔਰਤਾਂ ਦੀ ਸੁਰੱਖਿਆ ਲਈ ‘ਕਨਵੈਕਸ ਮਿਰਰ’ ਲਾਏ ਗਏ ਹਨ ਅਤੇ ਸੁਰੱਖਿਆ ਮੁਲਾਜ਼ਮ ਵੀ ਤਾਇਨਾਤ ਹਨ।
ਉਨ੍ਹਾਂ ਕਿਹਾ ਕਿ ਸਬ-ਵੇਅ ਨੂੰ ਸੁਧਾਰਨ ਦੀ ਦਿਸ਼ਾ ਵਿੱਚ ਅਜੇ ਵੀ ਸੁਧਾਰ ਦੀ ਗੁੰਜਾਇਸ਼ ਹੈ। ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਬ-ਵੇਅ ਦੀ ਮੌਜੂਦਾ ਹਾਲਤ ਨੂੰ ਸੁਧਾਰਨ ’ਤੇ ਧਿਆਨ ਦਿੱਤਾ ਜਾਵੇ ਅਤੇ ਰੱਖ-ਰਖਾਅ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਦੇ ਹੋਰ ਹਿੱਸਿਆਂ ਵਿੱਚ ਵੀ ਸਬ-ਵੇਅ ਦਾ ਮੁਆਇਨਾ ਕੀਤਾ ਜਾਵੇਗਾ। ਨਿਰੀਖਣ ਦੌਰਾਨ ਜੇ ਕੋਈ ਕਮੀ ਜਾਂ ਸ਼ਿਕਾਇਤ ਪਾਈ ਗਈ ਤਾਂ ਜ਼ਿੰਮੇਵਾਰ ਇੰਜਨੀਅਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪੈਦਲ ਯਾਤਰੀਆਂ ਲਈ ਸਬ-ਵੇਅ ਨੂੰ ਸੁਰੱਖਿਅਤ ਬਣਾਉਣਾ ਕੇਜਰੀਵਾਲ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਇਸ ’ਤੇ ਪ੍ਰਤੀਬੱਧਤਾ ਨਾਲ ਕੰਮ ਕੀਤਾ ਜਾ ਰਿਹਾ ਹੈ। ਨਿਰੀਖਣ ਦੌਰਾਨ ਲੋਕ ਨਿਰਮਾਣ ਮੰਤਰੀ ਨੇ ਯਾਤਰੀਆਂ ਨਾਲ ਵੀ ਗੱਲਬਾਤ ਕੀਤੀ। ਇਸ ਦੌਰਾਨ ਲੋਕਾਂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਸਬ-ਵੇਅ ਦੀ ਹਾਲਤ ਸੁਧਰੀ ਹੈ ਅਤੇ ਸਫਾਈ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਸਬ-ਵੇਅ ਦੀ ਸਫਾਈ ਅਤੇ ਸੁਰੱਖਿਆ ਦੇ ਲਿਹਾਜ਼ ਨਾਲ ਚੁੱਕੇ ਗਏ ਕਦਮਾਂ ਤੋਂ ਔਰਤਾਂ ਖੁਸ਼ ਸਨ। ਉਨ੍ਹਾਂ ਕਿਹਾ ਕਿ ਚਮਕਦਾਰ ਸਬਵੇਅ ਅਤੇ ਸੁਰੱਖਿਆ ਗਾਰਡਾਂ ਦੀ ਮੌਜੂਦਗੀ ਸਬਵੇਅ ਵਿੱਚ ਸੁਰੱਖਿਅਤ ਹੋਣ ਦਾ ਅਹਿਸਾਸ ਦਿਵਾਉਂਦੀ ਹੈ।