ਨਿੱਜੀ ਸਕੂਲਾਂ ਦੀਆਂ ਬੱਸਾਂ ਦੀ ਜਾਂਚ
ਪੱਤਰ ਪ੍ਰੇਰਕ
ਫਰੀਦਾਬਾਦ, 15 ਅਕਤੂਬਰ
ਹਰਿਆਣਾ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ, ਪੰਚਕੂਲਾ ਵੱਲੋਂ ਫਰੀਦਾਬਾਦ ਸ਼ਹਿਰ ਦੀਆਂ ਪ੍ਰਾਈਵੇਟ ਸਕੂਲ ਬੱਸਾਂ ਦੀ ਅਚਨਚੇਤ ਜਾਂਚ ਕੀਤੀ ਗਈ। ਬਾਲ ਕਮਿਸ਼ਨ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਪੱਧਰੀ ਨਿਰੀਖਣ ਟੀਮ ਦਾ ਗਠਨ ਕੀਤਾ ਗਿਆ, ਜਿਸ ਦੀ ਅਗਵਾਈ ਹਰਿਆਣਾ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਪੰਚਕੂਲਾ ਦੇ ਮੈਂਬਰ ਸ੍ਰੀਮਤੀ ਸੁਮਨ ਰਾਣਾ ਅਤੇ ਗਣੇਸ਼ ਕੁਮਾਰ ਨੇ ਕੀਤੀ। ਟੀਮ ਦੀ ਅਗਵਾਈ ਕਰਦੇ ਹੋਏ ਹਰਿਆਣਾ ਬਾਲ ਕਮਿਸ਼ਨ ਪੰਚਕੂਲਾ ਦੇ ਮੈਂਬਰ ਸ੍ਰੀਮਤੀ ਸੁਮਨ ਰਾਣਾ ਅਤੇ ਗਣੇਸ਼ ਕੁਮਾਰ ਨੇ ਦੱਸਿਆ ਕਿ ਅੱਜ ਫਿਰ ਤੋਂ ਪੂਰੇ ਹਰਿਆਣਾ ਰਾਜ ਵਿੱਚ ਟਰਾਂਸਪੋਰਟ ਵਿਭਾਗ ਹਰਿਆਣਾ ਵੱਲੋਂ ਨਿਰਧਾਰਿਤ ਸੇਫ਼ ਸਕੂਲ ਵਾਹਨ ਪਾਲਿਸੀ ਦੇ ਤਹਿਤ ਜਾਂਚ ਕੀਤੀ ਗਈ। ਇਸ ਤਹਿਤ ਅੱਜ ਫਰੀਦਾਬਾਦ ਦੇ ਸੈਕਟਰ-16 ਸਥਿਤ ਮਹਾਦੇਵ ਦੇਸਾਈ ਪਬਲਿਕ ਸਕੂਲ, ਸੈਕਟਰ-14 ਸਥਿਤ ਡੀਏਵੀ ਸਕੂਲ, ਸੈਕਟਰ-14 ਸਥਿਤ ਡੀਏਵੀ ਸੈਕਟਰ 17 ਸਥਿਤ ਐੱਮਵੀਐੱਨ ਸਕੂਲ, ਮਾਡਰਨ ਸਕੂਲ ਅਤੇ ਮਾਨਵ ਰਚਨਾ ਇੰਟਰਨੈਸ਼ਨਲ ਸਕੂਲ ਅਤੇ ਸੈਕਟਰ-19 ਸਥਿਤ ਡੀਪੀਐਸ ਸਕੂਲ ਦੀਆਂ ਬੱਸਾਂ ਦੀ ਜਾਂਚ ਕੀਤੀ ਗਈ।
ਇਸ ਤਹਿਤ 28 ਸ਼ਰਤਾਂ ਦੇ ਮੱਦੇਨਜ਼ਰ ਹਰ ਬੱਸ ਦੀ ਜਾਂਚ ਕੀਤੀ ਗਈ। ਇਸ ਦੌਰਾਨ ਸਕੂਲ ਪ੍ਰਬੰਧਕਾਂ ਨਾਲ ਵੀ ਗੱਲ ਕੀਤੀ ਗਈ।
ਇਸ ਦੌਰਾਨ ਕੁਝ ਸਕੂਲਾਂ ਦੀਆਂ ਬੱਸਾਂ ਵਿੱਚ ਕੁਝ ਨੁਕਸ ਪਾਏ ਗਏ, ਜਿਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਠੀਕ ਕਰਨ ਲਈ ਸਮੂਹ ਸਕੂਲ ਪ੍ਰਬੰਧਕਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਅਤੇ ਆਰਟੀਏ ਅਤੇ ਟਰੈਫ਼ਿਕ ਪੁਲੀਸ ਫ਼ਰੀਦਾਬਾਦ ਵੱਲੋਂ ਮੌਕੇ ’ਤੇ ਹੀ ਕੁਝ ਸਕੂਲੀ ਬੱਸਾਂ ਦੇ ਚਲਾਨ ਵੀ ਕੀਤੇ ਗਏ। ਕਮਿਸ਼ਨ ਦੀ ਟੀਮ ਨੇ ਬੱਸ ਡਰਾਈਵਰਾਂ, ਕੰਡਕਟਰਾਂ ਅਤੇ ਮਹਿਲਾ ਬੱਸ ਸਹਾਇਕਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਦੇ ਨਿਯਮਾਂ ਬਾਰੇ ਵੀ ਜਾਣਕਾਰੀ ਦਿੱਤੀ।