ਸਿਵਲ ਸਰਜਨ ਵੱਲੋਂ ਸਿਹਤ ਟੀਮਾਂ ਦਾ ਨਿਰੀਖਣ
ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 19 ਅਕਤੂਬਰ
ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਡੇਂਗੂ ਤੋਂ ਬਚਾਅ ਲਈ ਜੰਗੀ ਪੱਧਰ ’ਤੇ ਮੁਹਿੰਮ ਚਲਾਈ ਜਾ ਰਹੀ ਹੈ। ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਮੁਨੀਰ ਮੁਹੰਮਦ ਨੇ ਦੱਸਿਆ ਕੇ ਜ਼ਿਲ੍ਹੇ ਵਿੱਚ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮਲਟੀਪਰਪਜ਼ ਹੈਲਥ ਵਰਕਰ (ਮੇਲ ਤੇ ਫੀਮੇਲ), ਆਸ਼ਾ ਵਰਕਰਾਂ, ਵੈਲੀਜ਼ ਹੈਲਥ ਕਮੇਟੀ ਵੱਲੋਂ ਘਰਾਂ ਵਿੱਚ ਜਾ ਕੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਟੀਮਾਂ ਵੱਲੋਂ ਡੇਂਗੂ ਦੇ ਮੱਛਰ ਨੂੰ ਪੈਦਾ ਕਰਨ ਵਾਲਾ ਲਾਰਵਾ ਮੌਕੇ ’ਤੇ ਹੀ ਨਸ਼ਟ ਕਰਵਾਇਆ ਜਾ ਰਿਹਾ ਹੈ। ਸਿਹਤ ਟੀਮਾਂ ਦਾ ਨਿਰੀਖਣ ਕਰਨ ਪਿੰਡ ਭੋਗੀਵਾਲ, ਕੁੱਪ ਕਲਾਂ, ਰੋਹੀੜਾ, ਮਾਲੇਰਕੋਟਲਾ ਵਿਖ਼ੇ ਫ਼ੀਲਡ ਵਿੱਚ ਪਹੁੰਚੇ ਸਿਵਲ ਸਰਜਨ ਡਾ. ਸੰਜੇ ਗੋਇਲ ਨੇ ਕਿਹਾ ਕੇ ਜ਼ਿਲ੍ਹਾ ਸਿਹਤ ਟੀਮਾਂ ਵੱਲੋਂ ਕਈ ਥਾਵਾਂ ਤੋਂ ਵਿੱਚ ਲਾਰਵਾ ਨਸ਼ਟ ਕਰਵਾਇਆ ਗਿਆ ਹੈ ਅਤੇ ਇਸੇ ਮੁਹਿੰਮ ਤਹਿਤ ਜ਼ਿਲ੍ਹੇ ਵਿੱਚ ਕਰੀਬ ਛੇ ਹਜ਼ਾਰ ਘਰਾਂ ਵਿੱਚ ਸਰਵੇ ਕੀਤਾ ਗਿਆ ਹੈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸਜੀਲਾ ਖ਼ਾਨ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਪੁਨੀਤ ਸਿੱਧੂ, ਡੀਆਈਓ ਡਾ. ਰਾਜੀਵ ਬੈਂਸ, ਡਾ. ਮੁਨੀਰ ਮੁਹੰਮਦ ਵੱਲੋਂ ਵੱਖ-ਵੱਖ ਟੀਮਾਂ ਦਾ ਨਿਰੀਖਣ ਕੀਤਾ ਗਿਆ।