ਜਨਰਲ ਆਬਜ਼ਰਵਰ ਵੱਲੋਂ ਈਵੀਐੱਮਜ਼ ਦਾ ਜਾਇਜ਼ਾ
ਪੱਤਰ ਪ੍ਰੇਰਕ
ਰਤੀਆ, 23 ਸਤੰਬਰ
ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਵਿੱਚ ਵਿਧਾਨ ਸਭਾ ਆਮ ਚੋਣਾਂ-2024 ਤਹਿਤ ਚੋਣ ਪ੍ਰਕਿਰਿਆ ਨਾਲ ਜੁੜੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਈਵੀਐਮ ਅਤੇ ਵੀਵੀਪੀਏਟੀ ਦੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਰਤੀਆ ਵਿਧਾਨ ਸਭਾ ਹਲਕੇ ਦੀ ਜਨਰਲ ਅਬਜ਼ਰਵਰ ਅਰੁੰਧਤੀ ਚੱਕਰਵਰਤੀ ਨੇ ਸਿਖਲਾਈ ਕੇਂਦਰ ਦਾ ਦੌਰਾ ਕੀਤਾ ਅਤੇ ਈਵੀਐਮਜ਼ ਨੂੰ ਚਾਲੂ ਕਰਨ ਦਾ ਨਿਰੀਖਣ ਕੀਤਾ। ਜਨਰਲ ਇਲੈਕਸ਼ਨ ਅਬਜ਼ਰਵਰ ਨੇ ਦੱਸਿਆ ਕਿ ਸਿਖਲਾਈ ਦੌਰਾਨ ਈਵੀਐਮ ਬਾਰੇ ਪੂਰੀ ਜਾਣਕਾਰੀ ਅਤੇ ਇਸ ਨੂੰ ਚਾਲੂ ਅਤੇ ਬੰਦ ਕਰਨ, ਬੈਲਟ ਯੂਨਿਟ ਨੂੰ ਕੰਟਰੋਲ ਯੂਨਿਟ ਨਾਲ ਜੋੜਨ, ਮੌਕ ਪੋਲ ਤੋਂ ਬਾਅਦ ਡਾਟਾ ਡਿਲੀਟ ਕਰਨ ਅਤੇ ਚੋਣਾਂ ਤੋਂ ਬਾਅਦ ਈਵੀਐੱਮ ਨੂੰ ਬੰਦ ਕਰਨ ਅਤੇ ਸੀਲ ਕਰਨ ਦੀ ਸਮੁੱਚੀ ਪ੍ਰਕਿਰਿਆ ਸ਼ਾਮਲ ਹੋਵੇਗੀ। ਇਸ ਮੌਕੇ ਜਨਰਲ ਅਬਜ਼ਰਵਰ ਅਰੁੰਧਤੀ ਚੱਕਰਵਰਤੀ ਨੇ ਦੱਸਿਆ ਕਿ ਪੀਓ, ਏਪੀਓ ਅਤੇ ਸਾਰੇ ਪੋਲਿੰਗ ਅਫ਼ਸਰਾਂ ਨੂੰ ਸਿਖਲਾਈ ਦੌਰਾਨ ਚੋਣਾਂ ਸਬੰਧੀ ਸਾਰੇ ਸ਼ੰਕਿਆਂ ਨੂੰ ਦੂਰ ਕਰਨਾ ਚਾਹੀਦਾ ਹੈ। ਚੋਣ ਕਮਿਸ਼ਨ ਵੱਲੋਂ ਦਿੱਤੀ ਗਈ ਹੈਂਡਬੁੱਕ ਨੂੰ ਧਿਆਨ ਨਾਲ ਪੜ੍ਹੋ, ਤਾਂ ਜੋ ਚੋਣਾਂ ਦੌਰਾਨ ਕੋਈ ਦਿੱਕਤ ਨਾ ਆਵੇ। ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਸਿਖਲਾਈ ਕੈਂਪ ਵਿੱਚ ਮਾਸਟਰ ਟਰੇਨਰ ਭੁਪਿੰਦਰ ਸਿੰਘ, ਮੋਹਿਤ ਕੁਮਾਰ, ਰਾਜੀਵ ਧਮੀਜਾ, ਮਨਜੀਤ ਸਿੰਘ, ਅਨਿਲ ਕੁਮਾਰ, ਕੁਲਭੂਸ਼ਣ, ਸਤੀਸ਼ ਕੁਮਾਰ ਅਤੇ ਸੰਦੀਪ ਕੁਮਾਰ ਨੇ ਸਿਖਲਾਈ ਦਿੱਤੀ। ਮਾਸਟਰ ਟਰੇਨਰਾਂ ਨੇ ਹਾਜ਼ਰ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਮੱਗਰੀ ਪ੍ਰਾਪਤ ਕਰਨ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ, ਬੂਥ ’ਤੇ ਬੈਠਣ ਦੀ ਵਿਵਸਥਾ, ਵੋਟਿੰਗ ਪ੍ਰਕਿਰਿਆ, ਸੀਲਿੰਗ ਪ੍ਰਕਿਰਿਆ ਅਤੇ ਪੀਓ ਦੀਆਂ ਕੰਮ ਦੀਆਂ ਜ਼ਿੰਮੇਵਾਰੀਆਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਨਾਇਬ ਤਹਿਸੀਲਦਾਰ ਅਸ਼ੋਕ ਕੁਮਾਰ, ਨਗਰ ਕੌਂਸਲ ਦੇ ਸਕੱਤਰ ਸੰਦੀਪ ਭੁੱਕਲ, ਬੀਈਓ ਅਨੀਤਾ ਬਾਈ ਹਾਜ਼ਰ ਸਨ।