ਪਾਲਤੂ ਹਾਥੀਆਂ ਅਤੇ ਹੋਰ ਜਾਨਵਰਾਂ ਦੀ ਜਾਂਚ
ਖੇਤਰੀ ਪ੍ਰਤੀਨਿਧ
ਲੁਧਿਆਣਾ, 24 ਜੁਲਾਈ
ਇੱਥੋਂ ਦੀਆਂ ਗਲੀਆਂ ਅਤੇ ਬਾਜ਼ਾਰਾਂ ਵਿੱਚ ਘੁਮਾਏ ਜਾਂਦੇ ਪਾਲਤੂ ਹਾਥੀਆਂ, ਊਠਾਂ ਅਤੇ ਹੋਰ ਜਾਨਵਰਾਂ ਦੀ ਬਾਹਰੋਂ ਆਈ ਟੀਮ ਨੇ ਜਾਂਚ ਕੀਤੀ। ਜ਼ਿਲ੍ਹਾ ਅਧਿਕਾਰੀ ਨੇ ਨਾਮ ਦੱਸੇ ਬਨਿਾਂ ਦੱਸਿਆ ਕਿ ਇਸ ਟੀਮ ਨੇ ਜਾਨਵਰਾਂ ਦੀ ਸਿਹਤ ਸਬੰਧੀ ਜਾਂਚ ਕੀਤੀ ਹੈ। ਦੂਜੇ ਪਾਸੇ ਜਦੋਂ ਇਸ ਸਬੰਧੀ ਹੋਰ ਜਾਣਕਾਰੀ ਲਈ ਬਾਹਰੋਂਂ ਆਈ ਟੀਮ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਾਨਵਰਾਂ ਦੇ ਪਾਲਕਾਂ ਅਤੇ ਹੋਰ ਪ੍ਰਬੰਧਕਾਂ ਨੇ ਨੇੜੇ ਨਹੀਂ ਲੱਗਣ ਦਿੱਤਾ। ਜਾਂਚ ਲਈ ਅੱਜ ਲੁਧਿਆਣਾ ਦੀ ਵਰਧਮਾਨ ਮਿੱਲ ਦੇ ਸਾਹਮਣੇ ਪੁੱਡਾ ਗਰਾਊਂਡ ਵਿੱਚ ਖੜ੍ਹੇ ਦੋ ਹਾਥੀ ਅਤੇ ਇੱਕ ਊਠ ਦੀ ਜਾਂਚ ਕਰਨ ਲਈ ਗ੍ਰਹਿ ਮੰਤਰਾਲੇ ਤੋਂ ਸੈਂਟਰਲ ਇੰਡਸਟਰੀਅਲ ਸਕਿਉਰਿਟੀ ਫੋਰਸ (ਸੀਆਈਐੱਸਐੱਫ) ਦੀ ਟੀਮ ਪਹੁੰਚੀ ਹੋਈ ਸੀ। ਜਾਂਚ ਮੌਕੇ ਹਾਜ਼ਰ ਜ਼ਿਲ੍ਹਾ ਜੰਗਲਾਤ ਵਿਭਾਗ ਦੇ ਅਧਿਕਾਰੀ ਨੇ ਸਿਰਫ ਇੰਨਾ ਕੁ ਦੱਸਿਆ ਕਿ ਪਾਲਤੂ ਜਾਨਵਰ ਰੱਖਣ ਵਾਲੇ ਪਾਲਕ ਕਿਸੇ ਹੋਰ ਸ਼ਹਿਰ ਜਾ ਰਹੇ ਹਨ ਜਿਸ ਕਰਕੇ ਉਨ੍ਹਾਂ ਦੇ ਜਾਨਵਰਾਂ ਦੀ ਸਿਹਤ ਜਾਂਚ ਕੀਤੀ ਗਈ ਹੈ। ਡੀਐੱਫਓ ਰਾਜੇਸ਼ ਗੁਲਾਟੀ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਤਾਂ ਵਿਲਡਲਾਈਫ ਦੇ ਅਧਿਕਾਰੀ ਹੀ ਕੁੱਝ ਦਸ ਸਕਦੇ ਹਨ।