ਪੰਚਾਇਤ ਅਧਿਕਾਰੀਆਂ ਵੱਲੋਂ ਪਿੰਡਾਂ ਦੇ ਸਾਂਝੇ ਤਲਾਬਾਂ ਦਾ ਨਿਰੀਖਣ
ਪੱਤਰ ਪ੍ਰੇਰਕ
ਪਠਾਨਕੋਟ, 11 ਜੂਨ
ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਫੰਡਾਂ ਨਾਲ ਬਣਾਏ ਗਏ ਸਾਂਝੇ ਤਲਾਬਾਂ ਦਾ ਪੰਜਾਬ ਸਰਕਾਰ ਦੇ ਪੰਚਾਇਤ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੇ ਪਿੰਡ ਤਰੇਹਟੀ ਝਿੱਕਲੀ, ਕਰੋਲੀ ਅਤੇ ਜੰਡਵਾਲ ਵਿੱਚ ਨਿਰੀਖਣ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਤਿੰਨ ਪਿੰਡਾਂ ਵਿੱਚ ਲਗਪਗ 17 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ ਸਾਂਝੇ ਜਲ ਤਲਾਬ ਉਥੋਂ ਦੇ ਵਾਤਾਵਰਨ ਨੂੰ ਸੰਤੁਲਿਤ ਕਰਨ, ਭੂਮੀ ਦੇ ਅੰਦਰ ਪਾਣੀ ਰੀਚਾਰਜ ਕਰਨ ਅਤੇ ਹੋਰ ਲਾਭਕਾਰੀ ਕੰਮ ਕਰ ਰਹੇ ਹਨ।
ਪੰਜਾਬ ਸਰਕਾਰ ਨੇ ਸਾਂਝਾ ਜਲ ਯੋਜਨਾ ਦੇ ਨਾਂ ਹੇਠ ਪੁਰਾਣੇ ਤਲਾਬਾਂ ਦਾ ਮੁੜ ਸੁਰਜੀਤੀਕਰਨ, ਸੁੰਦਰਤਾ ਵਧਾਉਣ, ਗੰਦਗੀ ਨੂੰ ਘੱਟ ਕਰਨ, ਸਵੱਛਤਾ ਅਭਿਆਨ ਨੂੰ ਸਫਲ ਕਰਨ ਅਤੇ ਹੋਰ ਲਾਭਕਾਰੀ ਕੰਮ ਕਰਨ ਲਈ ਕੰਮ ਸ਼ੁਰੂ ਕੀਤਾ ਹੈ ਜਿਸ ਤਹਿਤ ਜ਼ਿਲ੍ਹਾ ਪਠਾਨਕੋਟ ਵਿੱਚ 50 ਤਲਾਬਾਂ ਦੀ ਸ਼ਨਾਖਤ ਕਰਕੇ, ਉਨ੍ਹਾਂ ਨੂੰ ਮੁੜ ਸੁਰਜੀਤ ਕਰਨ ਦੀ ਯੋਜਨਾ ਤੇ ਕੰਮ ਜਾਰੀ ਹੈ। ਇਸੇ ਸਾਂਝਾ ਜਲ ਤਲਾਬ ਯੋਜਨਾ ਤਹਿਤ ਪੂਰੇ ਜ਼ਿਲ੍ਹੇ ਵਿੱਚ 38 ਸਾਂਝਾ ਜਲ ਤਲਾਬ ਤਿਆਰ ਹੋ ਚੁੱਕੇ ਹਨ। ਇਹ ਜਾਣਕਾਰੀ ਜ਼ਿਲ੍ਹਾ ਕੋਆਰਡੀਨੇਟਰ ਨਿਧੀ ਮਹਿਤਾ, ਨੋਡਲ ਅਧਿਕਾਰੀ ਵਿਕਾਸ ਕਾਟਲ ਨੇ ਦਿੱਤੀ।