ਜਲ ਸ਼ਕਤੀ ਵਿਭਾਗ ਦੀ ਟੀਮ ਵੱਲੋਂ ਪਿੰਡਾਂ ’ਚ ਸਫਾਈ ਪ੍ਰਬੰਧਾਂ ਦਾ ਜਾਇਜ਼ਾ
ਪੱਤਰ ਪ੍ਰੇਰਕ
ਯਮੁਨਾਨਗਰ, 3 ਜੁਲਾਈ
ਜਲ ਸ਼ਕਤੀ, ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਵਿਭਾਗ ਦੇ ਸਲਾਹਕਾਰ ਡਾ. ਵਿਸ਼ਵ ਰੰਜਨ ਸਲਾਹਕਾਰ ਅਤੇ ਉਨ੍ਹਾਂ ਦੀ ਟੀਮ ਨੇ ਅੱਜ ਓਡੀਐੱਫ ਪਲੱਸ ਦੇ ਮਾਪਦੰਡਾਂ ਤਹਿਤ ਜ਼ਿਲ੍ਹੇ ਵਿੱਚ ‘ਇੰਸਪਾਇਰਿੰਗ ਅਤੇ ਰਾਈਜ਼ਿੰਗ ਮਾਡਲ’ ਅਧੀਨ ਸਫਾਈ ਅਤੇ ਵਾਤਾਵਰਨ ਦੇ ਨਜ਼ਰੀਏ ਤੋਂ ਕੀਤੇ ਜਾ ਰਹੇ ਕੰਮਾਂ ਦਾ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਜਾਇਜ਼ਾ ਲਿਆ। ਜਲ ਸ਼ਕਤੀ ਮੰਤਰਾਲੇ ਦੀ ਟੀਮ ਨੇ ਪਿੰਡ ਦੇਵਧਰ, ਬਹਾਦਰਪੁਰ ਅਤੇ ਫਤਿਹਪੁਰ ਵਿੱਚ ਜਾ ਕੇ ਠੋਸ ਤਰਲ ਰਹਿੰਦ-ਖੂੰਹਦ ਪ੍ਰਬੰਧਨ, ਥ੍ਰੀ ਪਾਊਂਡ ਸਿਸਟਮ ਅਤੇ ਘਰ-ਘਰ ਜਾ ਕੇ ਕੂੜਾ ਇਕੱਠਾ ਕਰਨ ਸਮੇਤ ਹੋਰ ਕੰਮਾਂ ਦਾ ਜਾਇਜ਼ਾ ਲੈਂਦੇ ਹੋਏ ਪਿੰਡ ਵਾਸੀਆਂ ਤੋਂ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਪਿੰਡ ਵਾਸੀਆਂ ਨੂੰ ਸਵੱਛਤਾ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਜਾਗਰੂਕ ਵੀ ਕੀਤਾ।
ਡਾ. ਵਿਸ਼ਵਾ ਰੰਜਨ ਨੇ ਸਾਰੇ ਪਿੰਡਾਂ ਦਾ ਜਾਇਜ਼ਾ ਲੈਂਦੇ ਹੋਏ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ ਕਿ ਉਨ੍ਹਾਂ ਦੇ ਸਹਿਯੋਗ ਨਾਲ ਉਨ੍ਹਾਂ ਦੇ ਪਿੰਡ ਖੁੱਲ੍ਹੇ ਵਿੱਚ ਪਖਾਨਾ ਜਾਣ ਤੋਂ ਮੁਕਤ ਹੋ ਗਏ ਹਨ ਅਤੇ ਓਡੀਐੱਫ ਪਲੱਸ ਤਹਿਤ ਪਿੰਡ ਵਾਸੀ ਅੱਗੇ ਆ ਕੇ ਆਪਣੇ ਪਿੰਡ ਨੂੰ ਸੁੰਦਰ ਅਤੇ ਸਾਫ਼-ਸੁਥਰਾ ਬਣਾਉਣ ਲਈ ਕੰਮ ਕਰ ਰਹੇ ਹਨ।
ਪਿੰਡ ਦਿਓਧਰ ਦੇ ਸਰਪੰਚ ਪ੍ਰੇਮ ਕੁਮਾਰ ਨੇ ਦੱਸਿਆ ਕਿ ਇੱਥੇ 458 ਦੇ ਕਰੀਬ ਘਰ ਹਨ, ਜਿਨ੍ਹਾਂ ਵਿੱਚ ਘਰ-ਘਰ ਜਾ ਕੇ ਕੂੜਾ ਇਕੱਠਾ ਕਰਕੇ ਪਿੰਡ ਵਿੱਚ ਹੀ ਬਣਾਏ ਗਏ ਸਾਲਿਡ ਲਿਕੁਇਡ ਵੇਸਟ ਮੈਨੇਜਮੈਂਟ (ਸ਼ੈੱਡ) ਵਿੱਚ ਲਿਆ ਕੇ ਨਿਬੇਡ਼ਿਆ ਜਾਂਦਾ ਹੈ। ਡਾ. ਵਿਸ਼ਵ ਰੰਜਨ ਨੇ ਪਿੰਡ ਵਾਸੀਆਂ ਨੂੰ ਦੱਸਿਆ ਕਿ ਸਵੱਛ ਭਾਰਤ ਗ੍ਰਾਮੀਣ ਮਿਸ਼ਨ ਤਹਿਤ ਦੂਜਾ ਪੜਾਅ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਓਡੀਐਫ ਪਲੱਸ ਤਹਿਤ ਆਪਣੇ ਪਿੰਡ ਵਿੱਚ ਕੀਤੇ ਕੰਮਾਂ ਦੀ ਵੀਡੀਓ ਬਣਾ ਕੇ ਕੋਈ ਵੀ ਵਿਅਕਤੀ ਮੰਤਰਾਲੇ ਨੂੰ ਭੇਜ ਕੇ ਇਨਾਮ ਜਿੱਤ ਸਕਦਾ ਹੈ। ਇਸੇ ਤਰ੍ਹਾਂ ਟੀਮ ਨੇ ਪਿੰਡ ਬਹਾਦਰਪੁਰ ਵਿੱਚ ਘਰ-ਘਰ ਜਾ ਕੇ ਕੂੜਾ ਇਕੱਠਾ ਕਰਨ, ਸੀਵਰੇਜ ਦੀ ਨਿਕਾਸੀ ਪ੍ਰਣਾਲੀ, ਸਾਲਿਡ ਵੇਸਟ ਮੈਨੇਜਮੈਂਟ ਅਤੇ ਹੋਰ ਕੰਮਾਂ ਬਾਰੇ ਜਾਣਕਾਰੀ ਲਈ। ਇਸ ਮੌਕੇ ਬੀਡੀਪੀਓ ਜਗਾਧਰੀ ਸ਼ਿਆਮ ਲਾਲ, ਬੀਡੀਪੀਓ ਬਿਲਾਸਪੁਰ ਅਨੁਪ੍ਰਿਆ ਯਾਦਵ, ਬੀਡੀਪੀਓ ਸਰਸਵਤੀ ਨਗਰ ਸਚੇਤ ਮਿੱਤਲ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਸਵੱਛ ਭਾਰਤ ਮਿਸ਼ਨ ਦਿਹਾਤੀ ਬਲਵਿੰਦਰ ਕਟਾਰੀਆ, ਗ੍ਰਾਮ ਸਕੱਤਰ ਸ਼ੰਕਰ ਲਾਲ ਤੇ ਹੋਰ ਹਾਜ਼ਰ ਸਨ।