ਔਜਲਾ ਵੱਲੋਂ ਸਿਵਲ ਹਸਪਤਾਲ ਦਾ ਨਿਰੀਖਣ
ਸੁਖਦੇਵ ਸਿੰਘ ਸੁੱਖ
ਅਜਨਾਲਾ, 7 ਅਕਤੂਬਰ
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅੱਜ ਇੱਥੇ ਸਰਕਾਰੀ ਹਸਪਤਾਲ ਅਜਨਾਲਾ ਦੀ ਅਚਨਚੇਤ ਚੈਕਿੰਗ ਕਰਨ ਪੁੱਜੇ। ਇਸ ਦੌਰਾਨ ਮਰੀਜ਼ਾਂ ਨੇ ਹਸਪਤਾਲ ਅੰਦਰ ਡਾਕਟਰਾਂ ਦੇ ਘਾਟ ਅਤੇ ਟੈਸਟ ਨਾ ਹੋਣ ਆਦਿ ਦੀਆਂ ਮੁਸ਼ਕਲਾਂ ਸੰਸਦ ਮੈਂਬਰ ਦੇ ਧਿਆਨ ਵਿੱਚ ਲਿਆਂਦੀਆਂ। ਇਸ ਉਪਰੰਤ ਸੰਸਦ ਮੈਂਬਰ ਔਜਲਾ ਨੇ ਕਿਹਾ ਕਿ ਸਰਕਾਰ ਦੀਆਂ ਸਿਹਤ ਸੇਵਾਵਾਂ ਸਿਰਫ਼ ਕਾਗਜ਼ਾ ਵਿੱਚ ਹੀ ਚੱਲ ਰਹੀਆਂ ਹਨ ਜਦੋਂਕਿ ਜ਼ਮੀਨੀ ਪੱਧਰ ’ਤੇ ਆਮ ਵਿਅਕਤੀ ਨੂੰ ਮਿਲਣ ਵਾਲੀਆਂ ਸਿਹਤ ਸੇਵਾਵਾਂ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਈਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਸ਼ਿਕਾਇਤਾਂ ਮਿਲਣ ਕਾਰਨ ਜਦੋਂ ਉਹ ਸਿਵਲ ਹਸਪਤਾਲ ਅੰਦਰ ਗਏ ਤਾਂ ਦੇਖਿਆ ਕਿ ਅੱਧੇ ਤੋਂ ਵੱਧ ਡਾਕਟਰ ਆਪਣੀ ਸੀਟ ’ਤੇ ਹਾਜ਼ਰ ਨਹੀਂ ਸਨ, ਲੋਕ ਸਵੇਰ ਤੋਂ ਹੀ ਹਸਪਤਾਲ ਦੀਆਂ ਪਰਚੀਆਂ ਹੱਥਾਂ ਵਿੱਚ ਲੈ ਕੇ ਘੁੰਮ ਰਹੇ ਸਨ। ਇਸ ਦੇ ਨਾਲ ਹੀ ਹਸਪਤਾਲ ਦੇ ਪਖਾਨਿਆਂ ਵਿੱਚੋਂ ਬਦਬੂ ਆਉਣ ਕਾਰਨ ਉੱਥੇ ਖੜ੍ਹਨਾ ਵੀ ਇਨਸਾਨ ਲਈ ਔਖਾ ਹੈ। ਸ੍ਰੀ ਔਜਲਾ ਨੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸਿਵਲ ਹਸਪਤਾਲ ਵਿੱਚ ਡਾਕਟਰ ਨਹੀਂ ਹਨ, ਐਕਸ-ਰੇਅ ਨਹੀਂ ਕੀਤੇ ਜਾ ਰਹੇ ਹਨ, ਬਾਹਰੋਂ ਟੈਸਟ ਵੀ ਕਰਵਾਏ ਰਹੇ ਹਨ ਪਰ ਸਰਕਾਰ ਦੁਆਰਾ ਮਿਲ ਰਹੀਆਂ ਸਹੂਲਤਾਂ ਮਰੀਜ਼ਾਂ ਤੋਂ ਕੋਹਾਂ ਦੂਰ ਹਨ ਅਤੇ ਸਾਰਾ ਹਸਪਤਾਲ ਖਾਲੀ ਹੋਣ ਕਾਰਨ ਲੋਕ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਲਈ ਮਜਬੂਰ ਹਨ। ਸ੍ਰੀ ਔਜਲਾ ਨੇ ਕਿਹਾ ਕਿ ਇਸ ਸਬੰਧੀ ਉਹ ਦੁਬਾਰਾ ਸਿਵਲ ਸਰਜਨ ਨੂੰ ਨਾਲ ਲੈ ਕੇ 10 ਅਕਤੂਬਰ ਨੂੰ ਹਸਪਤਾਲ ਦਾ ਦੌਰਾ ਕਰਨਗੇ ਅਤੇ ਲੋਕਾਂ ਸਣੇ ਡਾਕਟਰਾਂ ਦੀਆਂ ਸਮੱਸਿਆਵਾਂ ਵੀ ਸੁਣ ਕੇ ਹੱਲ ਕੀਤੀਆਂ ਜਾਣਗੀਆਂ।