ਬਿੱਟੂ ਵੱਲੋਂ ਚੰਡੀਗੜ੍ਹ ਰੇਲਵੇ ਸਟੇਸ਼ਨ ਦਾ ਜਾਇਜ਼ਾ
ਆਤਿਸ਼ ਗੁਪਤਾ
ਚੰਡੀਗੜ੍ਹ, 1 ਅਕਤੂਬਰ
ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਰੇਲਵੇ ਸਟੇਸ਼ਨ ’ਤੇ ਚੱਲ ਰਹੇ ਵਿਕਾਸ ਕਾਰਜਾਂ ਦਾ ਦੌਰਾ ਕੀਤਾ। ਇਸ ਦੌਰਾਨ ਸ੍ਰੀ ਬਿੱਟੂ ਨੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਵੱਲੋਂ 462 ਕਰੋੜ ਰੁਪਏ ਦੀ ਲਾਗਤ ਨਾਲ ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਰੇਲਵੇ ਸਟੇਸ਼ਨ ਬਣਾਇਆ ਜਾ ਰਿਹਾ ਹੈ।
ਇਹ ਪ੍ਰਾਜੈਕਟ ਮਈ 2025 ਵਿੱਚ ਮੁਕੰਮਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦਾ ਰੇਲਵੇ ਸਟੇਸ਼ਨ ਪੰਜਾਬ, ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਦਾ ਗੇਟਵੇ ਹੈ। ਇਸ ਲਈ ਇਸ ਰੇਲਵੇ ਸਟੇਸ਼ਨ ਦਾ ਰਣਨੀਤਕ ਮਹੱਤਵ ਹੈ। ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਵਰਤਮਾਨ ਵਿੱਚ ਲਗਭਗ 36,000 ਯਾਤਰੀ ਪ੍ਰਤੀ ਦਿਨ ਆਉਂਦੇ ਹਨ। ਇਸ ਰੇਲਵੇ ਸਟੇਸ਼ਨ ਤੋਂ ਔਸਤਨ 82 ਰੇਲਗੱਡੀਆਂ ਗੁਜ਼ਰਦੀਆਂ ਹਨ। ਸ੍ਰੀ ਬਿੱਟੂ ਨੇ ਕਿਹਾ ਕਿ ਪਿਛਲੇ ਦਿਨੀ ਦੇਸ਼ ’ਚ ਵੱਖ-ਵੱਖ ਥਾਵਾਂ ’ਤੇ ਰੇਲਵੇ ਟਰੇਕ ’ਤੇ ਗੈਸ ਸਿਲੰਡਰ ਮਿਲਣ ਤੇ ਰੇਲਵੇ ਟਰੇਕ ਤੋੜਨ ਵਰਗੀਆਂ ਵਾਪਰੀਆਂ ਘਟਨਾਵਾਂ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਇਸ ਦੀ ਜਾਂਚ ਐੱਨਆਈਏ ਨੂੰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸ਼ਰਾਰਤੀ ਅਨਸਰਾਂ ਵੱਲੋਂ ਦੇਸ਼ ’ਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤਾ, ਪਰ ਉਨ੍ਹਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਸਾਨਾਂ ਬਾਰੇ ਕੁਝ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਰੇਲਵੇ ਟਰੇਕ ਰੋਕਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦਾ ਅਸਰ ਆਮ ਲੋਕਾਂ ਦੇ ਨਾਲ-ਨਾਲ ਕਿਸਾਨਾਂ ’ਤੇ ਵੀ ਪੈਂਦਾ ਹੈ।
ਦੀਵਾਲੀ ਤੇ ਛਠ ਪੂਜਾ ਮੌਕੇ ਚਲਾਈ ਜਾਵੇਗੀ ਵਿਸ਼ੇਸ਼ ਰੇਲ ਗੱਡੀ
ਕੇਂਦਰੀ ਰੇਲ ਮੰਤਰਾਲੇ ਨੇ ਦੀਵਾਲੀ ਤੇ ਛਠ ਪੂਜਾ ਮੌਕੇ ਚੰਡੀਗੜ੍ਹ ਤੋਂ ਗੋਰਖਪੁਰ ਤੇ ਵਾਰਾਨਸੀ ਤੱਕ ਵਿਸ਼ੇਸ਼ ਰੇਲ ਗੱਡੀ ਚਲਾਉਣ ਦਾ ਫ਼ੈਸਲਾ ਕੀਤਾ ਹੈ। ਗੋਰਖਪੁਰ ਲਈ ਵਿਸ਼ੇਸ਼ ਰੇਲ ਗੱਡੀ 24 ਤੇ 31 ਅਕਤੂਬਰ ਅਤੇ 7 ਤੇ 14 ਨਵੰਬਰ ਨੂੰ ਚੰਡੀਗੜ੍ਹ ਤੋਂ ਚਲਾਈ ਜਾਵੇਗੀ। ਇਹ ਰੇਲ ਗੱਡੀ ਗੋਰਖਪੁਰ ਤੋਂ 25 ਅਕਤੂਬਰ, 1, 8 ਤੇ 15 ਨਵੰਬਰ ਨੂੰ ਵਾਪਸ ਆਵੇਗੀ। ਇਸੇ ਤਰ੍ਹਾਂ ਚੰਡੀਗੜ੍ਹ ਤੋਂ ਵਾਰਾਨਸੀ ਲਈ ਵਿਸ਼ੇਸ਼ ਰੇਲ ਗੱਡੀ 26 ਅਕਤੂਬਰ, 2, 9 ਤੇ 16 ਨਵੰਬਰ ਨੂੰ ਚਲਾਈ ਜਾਵੇਗੀ। ਇਹ ਰੇਲ ਗੱਡੀ ਵਾਰਾਨਸੀ ਤੋਂ 27 ਅਕਤੂਬਰ, 3, 10 ਤੇ 17 ਨਵੰਬਰ ਨੂੰ ਵਾਪਸ ਆਵੇਗੀ।