ਜਗਰੂਪ ਸੇਖਵਾਂ ਵੱਲੋਂ ਪਿੰਡਾਂ ਵਿੱਚ ਕੈਂਪਾਂ ਦਾ ਜਾਇਜ਼ਾ
ਪੱਤਰ ਪ੍ਰੇਰਕ
ਧਾਰੀਵਾਲ 13 ਫਰਵਰੀ
ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਤੇ ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਅੱਜ ਬਲਾਕ ਧਾਰੀਵਾਲ ਦੇ ਪਿੰਡ ਪਸਨਾਵਾਲ ਅਤੇ ਦੁਲੂਆਣਾ ਵਿੱਚ ‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਲਗਾਏ ਕੈਂਪਾਂ ਵਿੱਚਚ ਪਹੁੰਚ ਕੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ ਅਤੇ ਲੋਕਾਂ ਦੀ ਮੁਸ਼ਕਲਾਂ ਸੁਣੀਆਂ। ਚੇਅਰਮੈਨ ਸੇਖਵਾਂ ਨੇ ਕਿਹਾ ਪੰਜਾਬ ਸਰਕਾਰ ਹਰੇਕ ਵਰਗ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ। ‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਲੋਕਾਂ ਨੂੰ ਬਿਨਾ ਕਿਸੇ ਖੱਜਲ-ਖੁਆਰੀ ਦੇ ਉਨ੍ਹਾਂ ਦੀਆਂ ਬਰੂਹਾਂ ‘ਤੇ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਮੁਸ਼ਕਲਾਂ ਦਾ ਨਿਪਟਾਰਾ ਕਰਨ ਵਾਲਾ ਸਰਕਾਰ ਦਾ ਉਪਰਾਲਾ ਸਫਲਤਾ ਦੀ ਨਵੀਂ ਕਹਾਣੀ ਰਚੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਉਪਰਾਲਾ ਲੋਕਾਂ ਨੂੰ ਸਰਕਾਰੀ ਸੇਵਾਵਾਂ ਪ੍ਰਦਾਨ ਕਰਨ ਵਿੱਚ ਮੀਲ ਪੱਥਰ ਸਾਬਤ ਹੋਵੇਗਾ। ਚੇਅਰਮੈਨ ਸੇਖਵਾਂ ਨੇ ਦੱਸਿਆ ਉਨ੍ਹਾਂ ਵਲੋਂ ਅੱਜ ਪਿੰਡ ਪਸਨਾਵਾਲ, ਦੁੱਲੂਆਣਾ ਤੋਂ ਇਲਾਵਾ ਵੀ ਵਿਧਾਨ ਸਭਾ ਹਲਕਾ ਕਾਦੀਆਂ ਦੇ ਪਿੰਡ ਹਵੇਲੀ ਹਾਰਨੀ, ਸਠਿਆਲੀ, ਭਰੋ ਹਾਰਨੀ, ਭਿਖਾਰੀ ਹਾਰਨੀ ਅਤੇ ਬਸਰਾਏ ਵਿੱਚ ਲੱਗੇ ਕੈਂਪਾਂ ਦਾ ਵੀ ਦੌਰਾ ਕੀਤਾ ਹੈ ਅਤੇ ਕੈਂਪਾਂ ਵਿੱਚ ਸਰਕਾਰੀ ਸਕੀਮਾਂ/ਸਹੂਲਤਾਂ ਦਾ ਫਾਇਦਾ ਲੈਣ ਲਈ ਲੋਕ ਵੱਡੇ ਪੱਧਰ ਤੇ ਪਹੁੰਚੇ ਹੋਏ ਸਨ। ਧਿਕਾਰੀਆਂ ਵੱਲੋਂ ਲੋਕਾਂ ਨੂੰ ਸੇਵਾਵਾਂ ਦਾ ਲਾਭ ਦੇਣ ਦੇ ਨਾਲ-ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਨਿਪਟਾਰਾ ਵੀ ਕੀਤਾ ਗਿਆ।
ਬਿਜਲੀ ਸਪਲਾਈ ਠੱਪ ਹੋਣ ਕਾਰਨ ਪ੍ਰੇਸ਼ਾਨੀ ਵਧੀ
ਪਿੰਡ ਦੁਲੂਆਣਾ ਵਿੱਚ ਬਾਅਦ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਲਗਾਏ ਕੈਂਪ ਦੌਰਾਨ ਬਿਜਲੀ ਸਪਲਾਈ ਬਿਲਕੁੱਲ ਠੱਪ ਰਹਿਣ ਕਾਰਨ ਸੇਵਾ ਕੇਂਦਰ ਨਾਲ ਸਬੰਧਿਤ ਸੇਵਾਵਾਂ ਦਾ ਲਾਭ ਲੈਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪਿੰਡ ਦੇ ਮੋਹਤਬਰਾਂ ਨੇ ਜਨਰੇਟਰ ਦਾ ਪ੍ਰਬੰਧ ਕਰਕੇ ਮਹਿੰਗੇ ਭਾਅ ਡੀਜ਼ਲ ਫੂਕ ਕੇ ਥੋੜ੍ਹਾ ਸਮਾਂ ਜਨਰੇਟਰ ਚਲਾਇਆ ਤਾਂ ਕੁੱਝ ਲੋਕਾਂ ਦੇ ਜ਼ਰੂਰੀ ਦਸਤਾਵੇਜ਼ ਸੇਵਾ ਕੇਂਦਰ ਨਾਲ ਸਬੰਧਿਤ ਕਰਮਚਾਰੀਆਂ ਵਲੋਂ ਅਪਲੋਡ ਕੀਤੇ ਗਏ ਪਰ ਜ਼ਿਆਦਾਤਰ ਲੋਕ ਭਰੀਆਂ ਭਰਾਈਆਂ ਫਾਈਲਾਂ ਲੈ ਕੇ ਆਪਣੇ ਘਰਾਂ ਨੂੰ ਪਰਤ ਗਏ। ਇਸ ਕੈਂਪ ਵਿੱਚ ਪਾਵਰਕੌਮ ਵਿਭਾਗ ਦੀ ਸਬੰਧਿਤ ਸਬ ਡਿਵੀਜ਼ਨ ਕਾਹਨੂੰਵਾਨ ਦਾ ਕੋਈ ਵੀ ਅਧਿਕਾਰੀ ਦਿਖਾਈ ਨਾ ਦਿੱਤਾ। ਬਿਜਲੀ ਸਪਲਾਈ ਬੰਦ ਹੋਣ ਬਾਰੇ ਜਦੋਂ ਐਸ ਡੀ ਓ ਕਾਹਨੂੰਵਾਨ ਨਾਲ ਫੋਨ ’ਤੇ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਬਿਜਲੀ ਸਪਲਾਈ ਦਾ ਪਿੱਛੋਂ ਤਿੱਬੜੀ ਸਬ ਸ਼ਟੇਸ਼ਨ ਤੋਂ ਕੱਟ ਲੱਗਾ ਹੋਣ ਕਾਰਨ ਅੱਜ ਸਵੇਰ ਤੋਂ ਹੀ ਬਿਜਲੀ ਸਪਲਾਈ ਬੰਦ ਰਹੀ ਹੈ।