ਸੇਫ ਸਕੂਲ ਵਹੀਕਲ ਪਾਲਿਸੀ ਤਹਿਤ ਬੱਸਾਂ ਦੀ ਜਾਂਚ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 20 ਨਵੰਬਰ
ਹਰਿਆਣਾ ਰਾਜ ਬਾਲ ਸੁਰੱਖਿਆ ਕਮਿਸ਼ਨ ਦੀ ਮੈਂਬਰ ਮੀਨਾ ਕੁਮਾਰੀ ਤੇ ਮੰਗੇ ਰਾਮ ਦੀ ਪ੍ਰਧਾਨਗੀ ਹੇਠ ਗਠਿਤ ਟੀਮ ਨੇ ਸੇਫ ਸਕੂਲ ਵਾਹਨ ਨੀਤੀ ਤਹਿਤ ਕਈ ਸਕੂਲਾਂ ਦੀਆਂ ਬੱਸਾਂ ਦੀ ਜਾਂਚ ਕੀਤੀ। ਕਮਿਸ਼ਨ ਦੀ ਮੈਂਬਰ ਮੀਨਾ ਕੁਮਾਰੀ ਤੇ ਟੀਮ ਨੇ ਦਿੱਲੀ ਪਬਲਿਕ ਸਕੂਲ ਜੋਤੀ ਸਰ ਦੀਆਂ ਪੰਜ ਬੱਸਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਬੱਸਾਂ ਵਿਚ ਅੱਗ ਬੁਝਾਊ ਯੰਤਰ, ਸੀਸੀਟੀਵੀ ਕੈਮਰੇ, ਕੰਡਕਟਰ ਲਾਇਸੈਂਸ ਆਦਿ ਨਹੀਂ ਮਿਲੇ ਜਿਸ ਕਰਕੇ ਨਿਯਮਾਂ ਦੀ ਉਲੰਘਣਾ ਕਰਨ ’ਤੇ ਮੋਟਰ ਵਹੀਕਲ ਐਕਟ 1988 ਤਹਿਤ ਚਲਾਨ ਕੱਟਣ ਦੀ ਪ੍ਰਕਿਰਿਆ ਲਾਗੂ ਕੀਤੀ ਗਈ। ਕਮਿਸ਼ਨ ਮੈਂਬਰਾਂ ਨੇ ਜ਼ਿਲ੍ਹਾ ਕੁਰੂਕਸ਼ੇਤਰ ਵਿੱਚ ਚੱਲ ਰਹੀਆਂ ਬੱਸਾਂ ਦੀ ਵੀ ਜਾਂਚ ਕੀਤੀ ,ਜਿਸ ਵਿੱਚ ਵਿਜ਼ਡਮ ਵਰਲਡ ਸਕੂਲ, ਮਹਾਰਾਣਾ ਪ੍ਰਤਾਪ ਸਕੂਲ, ਧੰਨਾ ਭਗਤ ਸਕੂਲ ਤੇ ਸੇਠ ਨਵਰੰਗ ਜੈ ਰਾਮ ਗਰਲਜ਼ ਕਾਲਜ ਲੋਹਾਰ ਮਾਜਰਾ ਦੀਆਂ ਸਕੂਲੀ ਬੱਸਾਂ ਦੀ ਵੀ ਜਾਂਚ ਕੀਤੀ ਗਈ।
ਇਨ੍ਹਾਂ ਵਿਚ ਫਸਟ ਏਡ ਬਾਕਸ, ਅੱਗ ਬੁਝਾਊ ਯੰਤਰ, ਸੀਸੀਟੀਵੀ ਕੈਮਰੇ, ਕੰਡਕਟਰ ਲਾਇਸੈਂਸ ਨਹੀਂ ਮਿਲਿਆ। ਕਮਿਸ਼ਨ ਦੀ ਮੈਂਬਰ ਵਲੋਂ ਸਾਰੀਆਂ ਸਕੂਲੀ ਬੱਸਾਂ ਦੇ ਚਲਾਨ ਕਰਨ ਦੇ ਹੁਕਮ ਦਿੱਤੇ ਗਏ। ਇਸ ਦੇ ਨਾਲ ਹੀ ਸਾਰੇ ਸਕੂਲ ਪ੍ਰਬੰਧਕਾਂ ਅਤੇ ਅਪਰੇਟਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਸੁਰਖਿੱਅਤ ਵਾਹਨ ਨੀਤੀ ਤਹਿਤ ਨਿਰਧਾਰਤ ਮਾਪ ਦੰਡਾਂ ਅਨੁਸਾਰ ਤਿੰਨ ਦਿਨਾਂ ਦੇ ਅੰਦਰ ਅੰਦਰ ਆਪਣੀਆਂ ਸਾਰੀਆਂ ਬੱਸਾਂ ਦੀ ਕਮੀ ਦੂਰ ਕਰਨ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਬੱਸਾਂ ਦੀ ਜਾਂਚ ਕੀਤੀ ਜਾਏਗੀ ਤੇ ਜੇ ਲਾਪ੍ਰਵਾਹੀ ਮਿਲੀ ਤਾਂ ਕਾਰਵਾਈ ਕੀਤੀ ਜਾਏਗੀ। ਇਸ ਮੌਕੇ ਉਪ ਜ਼ਿਲ੍ਹਾ ਪੁਲੀਸ ਕਪਤਾਨ ਟਰੈਫਿਕ ਦੇ ਮੁਖੀ ਜੈ ਕੁਮਾਰ, ਸਬ ਇੰਸਪੈਕਟਰ ਕ੍ਰਿਸ਼ਨ ਕੁਮਾਰ, ਚੇਅਰਮੈਨ ਸੀਡਬਲਿਊਸੀ ਗੁਰਨਾਮ ਸਿੰਘ, ਐੱਸਐੱਚਓ ਟਰੈਫਿਕ ਸਿਟੀ ਸੁਨੀਲ ਕੁਮਾਰ, ਐੱਮਵੀਓ ਇੰਦੂ ਸ਼ਰਮਾ, ਡੀਸੀਪੀਓ ਜੋਗਿੰਦਰ ਸਿੰਘ, ਟਰਾਂਸਪੋਰਟ ਇੰਸਪੈਕਟਰ ਆਰਟੀਏ ਗਜੇ ਸਿੰਘ, ਫਾਇਰ ਅਧਿਕਾਰੀ ਮੌਜੂਦ ਸਨ।