ਮੁੱਖ ਸਕੱਤਰ ਵੱਲੋਂ ਖੁੰਡੇਵਾਲਾ ਤੇ ਸੁਢੈਲ ਦੇ ਅੰਮ੍ਰਿਤ ਸਰੋਵਰਾਂ ਦਾ ਨਿਰੀਖਣ
ਦੇਵਿੰਦਰ ਸਿੰਘ
ਯਮੁਨਾਨਗਰ, 3 ਜੂਨ
ਹਰਿਆਣਾ ਸਰਕਾਰ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਤਹਿਤ ਖੁੰਡੇਵਾਲਾ ਅਤੇ ਸੁਢੈਲ ਪਿੰਡਾਂ ਵਿੱਚ ਬਣਾਏ ਜਾ ਰਹੇ ਅੰਮ੍ਰਿਤ ਸਰੋਵਰਾਂ ਦਾ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਇਨ੍ਹਾਂ ਸਾਰੇ ਸਰੋਵਰਾਂ ਦਾ ਸੁੰਦਰੀਕਰਨ ਕੀਤਾ ਜਾਵੇ ਅਤੇ ਆਲੇ-ਦੁਆਲੇ ਛਾਂਦਾਰ ਫੁੱਲਾਂ ਅਤੇ ਫਲਾਂ ਵਾਲੇ ਦਰੱਖ਼ਤ ਲਗਾ ਕੇ ਲੋਕਾਂ ਦੇ ਬੈਠਣ ਲਈ ਸਥਾਨ ਬਣਾਏ ਜਾਣ। ਅੱਜ ਇੱਥੇ ਆਪਣੇ ਦੌਰੇ ਦੌਰਾਨ ਮੁੱਖ ਸਕੱਤਰ ਨੇ ਪਿੰਡ ਸੁਢੈਲ ਵਿੱਚ 69 ਲੱਖ ਰੁਪਏ ਅਤੇ ਖੁੰਡੇਵਾਲਾ ਵਿੱਚ 46 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਅੰਮ੍ਰਿਤ ਸਰੋਵਰਾਂ ਦਾ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਸਰੋਵਰਾਂ ‘ਤੇ ਕੰਮ ਮੁਕੰਮਲ ਹੋਣ ਤੋਂ ਬਾਅਦ ਪਿੰਡਾਂ ਦੇ ਲੋਕ ਸਵੇਰੇ-ਸ਼ਾਮ ਇਸ ਸਥਾਨ ‘ਤੇ ਆ ਸਕਣਗੇ ਅਤੇ ਸ਼ਹਿਰ ਵਰਗਾ ਮਾਹੌਲ ਸਿਰਜਿਆ ਜਾਵੇਗਾ।
ਯਮੁਨਾਨਗਰ ਵਿੱਚ ਤਿੰਨ ਰਲਵੇ ਸਟੇਸ਼ਨ ਬਣਾਏ ਜਾਣਗੇ: ਸੰਜੀਵ ਕੌਸ਼ਲ
ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਕਿਹਾ ਕਿ ਯਮੁਨਾਨਗਰ ਜ਼ਿਲ੍ਹੇ ‘ਚ ਰੇਲਵੇ ਕੋਰੀਡੋਰ ਦੇ ਤਹਿਤ ਤਿੰਨ ਸਟੇਸ਼ਨ ਬਣਾਏ ਗਏ ਹਨ। ਇਨ੍ਹਾਂ ਸਟੇਸ਼ਨਾਂ ਤੋਂ ਉਦਯੋਗਪਤੀਆਂ ਨੂੰ ਕਿਵੇਂ ਲਾਭ ਹੋ ਸਕਦਾ ਹੈ ਇਹ ਦੇਖਣ ਲਈ ਡਿਪਟੀ ਕਮਿਸ਼ਨਰ ਵੱਲੋਂ ਇੱਕ ਕਮੇਟੀ ਬਣਾਈ ਜਾਵੇਗੀ। ਇਹ ਕਮੇਟੀ ਇਸ ਖੇਤਰ ਦੇ ਸਨਅਤਕਾਰਾਂ ਤੋਂ ਜਾਣਕਾਰੀ ਲੈ ਕੇ ਸਟੇਸ਼ਨਾਂ ‘ਤੇ ਸਹੂਲਤਾਂ ਪ੍ਰਦਾਨ ਕਰੇਗੀ। ਇਨ੍ਹਾਂ ਰੇਲਵੇ ਗਲਿਆਰਿਆਂ ਦੇ ਬਣਨ ਨਾਲ ਇਸ ਖੇਤਰ ਦੇ ਵਪਾਰੀਆਂ ਦੇ ਨਾਲ-ਨਾਲ ਪਾਉਂਟਾ ਸਾਹਿਬ ਤੱਕ ਦੇ ਉਦਯੋਗਪਤੀਆਂ ਨੂੰ ਵੀ ਫਾਇਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਯਮੁਨਾਨਗਰ ਤੋਂ 700 ਕੰਟੇਨਰ ਆਯਾਤ ਕੀਤੇ ਜਾਂਦੇ ਹਨ ਅਤੇ 600 ਕੰਟੇਨਰ ਨਿਰਯਾਤ ਕੀਤੇ ਜਾਂਦੇ ਹਨ। ਮੁੱਖ ਸਕੱਤਰ ਸੰਜੀਵ ਕੌਸ਼ਲ ਸ਼ਨਿਚਰਵਾਰ ਨੂੰ ਜ਼ਿਲ੍ਹਾ ਸਕੱਤਰੇਤ ਦੇ ਆਡੀਟੋਰੀਅਮ ਵਿੱਚ ਜ਼ਿਲ੍ਹੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈ ਰਹੇ ਸਨ।
ਕੈਂਸਰ ਡਿਟੈਕਸ਼ਨ ਐਂਡ ਪ੍ਰੀਵੈਨਸ਼ਨ ਸੈਂਟਰ ਦਾ ਉਦਘਾਟਨ
ਹਰਿਆਣਾ ਸਰਕਾਰ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਅੱਜ ਇੱਥੇ ਸਥਾਨਕ ਜੇਐਨ ਕਪੂਰ ਡੀਏਵੀ ਡੈਂਟਲ ਕਾਲਜ ਵਿੱਚ ਰੋਟਰੀ ਕਲੱਬ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਓਰਲ ਕੈਂਸਰ ਡਿਟੈਕਸ਼ਨ ਐਂਡ ਪ੍ਰੀਵੈਨਸ਼ਨ ਸੈਂਟਰ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ਨੇ ਇਹ ਨੇਕ ਕੰਮ ਕੀਤਾ ਹੈ ਜਿਸ ਦਾ ਲਾਭ ਲਗਪੱਗ 100 ਕਿਲੋਮੀਟਰ ਇਲਾਕੇ ਦੇ ਆਮ ਲੋਕਾਂ ਨੂੰ ਮਿਲੇਗਾ।