ਡੀਸੀ ਵੱਲੋਂ ਆਮ ਆਦਮੀ ਕਲੀਨਿਕਾਂ ਦਾ ਨਿਰੀਖਣ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 5 ਅਕਤੂਬਰ
ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਅੱਜ ਵੱਖ-ਵੱਖ ਆਮ ਆਦਮੀ ਕਲੀਨਿਕਾਂ ਦਾ ਨਿਰੀਖਣ ਕਰਦਿਆਂ ਇਨ੍ਹਾਂ ਦੇ ਕੰਮਕਾਜ ਦਾ ਜਾਇਜ਼ਾ ਲਿਆ। ਉਨ੍ਹਾਂ ਲੰਮਾ ਪਿੰਡ, ਬੱਸ ਸਟੈਂਡ, ਰੇਰੂ ਪਿੰਡ, ਗਾਂਧੀ ਕੈਂਪ ਵਿਖੇ ਚੱਲ ਰਹੇ ਆਮ ਆਦਮੀ ਕਲੀਨਿਕਾਂ ਦਾ ਦੌਰਾ ਕੀਤਾ ਅਤੇ ਕਲੀਨਿਕ ਵਿੱਚ ਮੌਜੂਦ ਸਟਾਫ਼ ਤੋਂ ਮਰੀਜ਼ਾਂ ਦੀ ਆਮਦ, ਆਨਲਾਈਨ ਰਜਿਸਟ੍ਰੇਸ਼ਨ, ਮੈਡੀਕਲ ਚੈੱਕਅਪ, ਲੈਬ ਟੈਸਟ, ਦਵਾਈਆਂ ਦੇ ਸਟਾਕ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਉਥੇ ਚੈੱਕਅਪ ਕਰਵਾਉਣ ਲਈ ਆਏ ਲੋਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਕਲੀਨਿਕਾਂ ਦੇ ਕੰਮਕਾਜ ਵਿੱਚ ਕੀਤੇ ਜਾ ਸਕਣ ਵਾਲੇ ਹੋਰ ਸੁਧਾਰਾਂ ਬਾਰੇ ਪੁੱਛਿਆ। ਉਨ੍ਹਾਂ ਸਟਾਫ਼ ਨੂੰ ਹਦਾਇਤ ਕੀਤੀ ਕਿ ਮਰੀਜ਼ਾਂ ਨੂੰ ਲੈਬ ਟੈਸਟਾਂ ਦੀ ਰਿਪੋਰਟ 24 ਘੰਟਿਆਂ ਦੇ ਅੰਦਰ-ਅੰਦਰ ਪਹੁੰਚਾਉਣ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਦਾ ਉਦੇਸ਼ ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਬਿਨਾ ਕਿਸੇ ਮੁਸ਼ਕਲ ਦੇ ਮੁਫ਼ਤ ਮਿਆਰੀ ਇਲਾਜ ਤੇ ਟੈਸਟ ਸਹੂਲਤਾਂ ਪ੍ਰਦਾਨ ਕਰਨਾ ਹੈ। ਉਪਰੰਤ ਡਿਪਟੀ ਕਮਿਸ਼ਨਰ ਵੱਲੋਂ ਸ਼ੇਖੇ ਵਿਖੇ ਸਰਕਾਰੀ ਡਰੱਗ ਰਿਹੈਬਿਲੀਟੇਸ਼ਨ ਸੈਂਟਰ ਅਤੇ ਓਟ ਸੈਂਟਰ ਦਾ ਨਿਰੀਖਣ ਵੀ ਕੀਤਾ ਗਿਆ। ਉਨ੍ਹਾਂ ਕਰਮਚਾਰੀਆਂ ਤੋਂ ਕੇਂਦਰ ਦੀ ਕਾਰਜਪ੍ਰਣਾਲੀ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ 24 ਘੰਟੇ 20 ਬਿਸਤਰਿਆਂ ਵਾਲੀ ਸੁਵਿਧਾ ਹੈ ਅਤੇ ਮੈਡੀਕਲ ਅਫ਼ਸਰ, ਕਾਊਂਸਲਰ, ਵਾਰਡ ਬੁਆਏ, ਨਰਸਿੰਗ ਸਟਾਫ਼ ਅਤੇ ਹੋਰ ਸਟਾਫ਼ ਮੌਜੂਦ ਹੈ।