ਚਮੜੀ ਤੇ ਹੱਡੀਆਂ ਦੇ ਜਾਂਚ ਕੈਂਪ ’ਚ 150 ਮਰੀਜ਼ਾਂ ਦਾ ਨਿਰੀਖਣ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 17 ਨਵੰਬਰ
ਲੋਕ ਸੇਵਾ ਸੁਸਾਇਟੀ ਵੱਲੋਂ ਸੀਐੱਮਸੀ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਚਮੜੀ, ਹੱਡੀਆਂ-ਜੋੜਾਂ, ਨੱਕ-ਗਲ ਤੇ ਗਲੇ ਸਮੇਤ ਜਨਰਲ ਬਿਮਾਰੀਆਂ ਦਾ ਮੁਫ਼ਤ ਕੈਂਪ ਲਾਇਆ ਗਿਆ। ਮਰਹੂਮ ਮਲਕੀਤ ਸਿੰਘ ਮੱਲ੍ਹੀ ਦੀ ਚੌਥੀ ਬਰਸੀ ਨੂੰ ਸਮਰਪਿਤ ਇਸ ਕੈਂਪ ’ਚ ਨਵਜੋਤ ਸਿੰਘ ਮੱਲ੍ਹੀ ਦਾ ਵਡਮੁੱਲਾ ਯੋਗਦਾਨ ਰਿਹਾ। ਇਸ ਮੌਕੇ 147 ਮਰੀਜ਼ਾਂ ਦਾ ਨਿਰੀਖਣ ਕੀਤਾ ਗਿਆ ਅਤੇ 62 ਵਿਅਕਤੀਆਂ ਦੀ ਸ਼ੂਗਰ ਦਾ ਮੁਫ਼ਤ ਟੈਸਟ ਹੋਇਆ। ਕੈਂਪ ਦਾ ਉਦਘਾਟਨ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਕੀਤਾ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਮਨੋਹਰ ਸਿੰਘ ਟੱਕਰ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਨੇ ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ ਵਿਖੇ ਲਾਏ ਕੈਂਪ ’ਚ ਸੀਐਮਸੀ ਦੇ ਮਾਹਰ ਡਾਕਟਰਾਂ ਦੀ ਟੀਮ ਕੋਆਰਡੀਨੇਟਰ ਡੋਲੀ ਦੀ ਅਗਵਾਈ ਹੇਠ ਹਾਜ਼ਰ ਸੀ। ਇਸ ’ਚ ਚਮੜੀ ਦੇ ਮਾਹਰ ਡਾ. ਪ੍ਰਾਤਿਕਾ ਗੋਇਲ, ਹੱਡੀਆਂ ਤੇ ਜੋੜਾਂ ਦੇ ਮਾਹਿਰ ਡਾ. ਮਨਸ਼ੇਕ ਸਿੰਘ, ਨੱਕ ਕੰਨ ਗਲੇ ਦੀਆਂ ਬਿਮਾਰੀਆਂ ਦੇ ਮਾਹਰ ਡਾ. ਹਰਸ਼ਦੀਪ ਸਿੰਘ ਤੇ ਜਨਰਲ ਰੋਗਾਂ ਦੀਆਂ ਬਿਮਾਰੀਆਂ ਦੇ ਮਾਹਰ ਡਾ. ਸ਼ੁਭਮ ਨੇ ਮਰੀਜ਼ਾਂ ਦਾ ਨਿਰੀਖਣ ਕਰਦਿਆਂ ਮਰੀਜ਼ਾਂ ਨੂੰ ਬਿਮਾਰੀਆਂ ਨੂੰ ਬਚਣ ਦੇ ਨੁਕਤੇ ਦੱਸੇ।