ਬਰਨਾਲਾ ਸਰਕਲ ਵਿੱਚ 1273 ਬਿਜਲੀ ਕੁਨੈਕਸ਼ਨਾਂ ਦੀ ਪੜਤਾਲ
ਰਵਿੰਦਰ ਰਵੀ/ਪਰਸ਼ੋਤਮ ਬੱਲੀ
ਬਰਨਾਲਾ, 27 ਨਵੰਬਰ
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਨੇ ਕਾਰਪੋਰੇਸ਼ਨ ਦੇ ਸੀਐਮਡੀ ਇੰਜਨੀਅਰ ਬਲਦੇਵ ਸਿੰਘ ਸਰਾ ਦੇ ਨਿਰਦੇਸ਼ਾਂ ’ਤੇ ਬਰਨਾਲਾ ਸਰਕਲ ਵਿੱਚ ਬਿਜਲੀ ਚੋਰੀ ਨੂੰ ਰੋਕਣ ਲਈ ਵਿਸ਼ੇਸ਼ ਮੁਹਿੰਮ ਤਹਿਤ ਪੜਤਾਲ ਕੀਤੀ ਗਈ। ਉਪ ਮੁੱਖ ਇੰਜਨੀਅਰ ਇੰਜਨੀਅਰ ਤੇਜ ਬਾਂਸਲ ਅਨੁਸਾਰ ਇਸ ਮੁਹਿੰਮ ਦੌਰਾਨ ਵੱਖ-ਵੱਖ ਟੀਮਾਂ ਵੱਲੋਂ ਕੁੱਲ 1,273 ਬਿਜਲੀ ਕੁਨੈਕਸ਼ਨਾਂ ਦੀ ਪੜਤਾਲ ਕੀਤੀ ਗਈ। ਇਨ੍ਹਾਂ ਵਿੱਚੋਂ ਮਾਲੇਰਕੋਟਲਾ ਵਿੱਚ 915, ਸ਼ਹਿਰੀ ਬਰਨਾਲਾ ਵਿੱਚ 278 ਅਤੇ ਦਿਹਾਤੀ ਬਰਨਾਲਾ ਵਿੱਚ 80 ਕੁਨੈਕਸ਼ਨਾਂ ਦੀ ਪੜਤਾਲ ਕੀਤੀ ਗਈ। ਪੜਤਾਲ ਦੌਰਾਨ ਚੋਰੀ ਦੇ 20 ਮਾਮਲਿਆਂ ਦਾ ਪਤਾ ਲਾਇਆ ਗਿਆ ਤੇ ਪੜਤਾਲ ’ਚ ਦੋਸ਼ੀ ਪਾਏ ਗਏ ਖਪਤਕਾਰਾਂ ਤੋਂ ਕੁੱਲ 6.58 ਲੱਖ ਰੁਪਏ ਵਸੂਲੇ ਗਏ। ਇਸ ਤੋਂ ਇਲਾਵਾ, ਅਣ-ਅਧਿਕਾਰਤ ਬਿਜਲੀ (ਯੂਈ ) ਦੀ ਵਰਤੋਂ ਦੇ ਇੱਕ ਮਾਮਲੇ ’ਚ 40,000 ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਜਦੋਂ ਕਿ ਬਿਜਲੀ ਦੀ ਅਣ-ਅਧਿਕਾਰਤ ਵਰਤੋਂ (ਯੂਯੂਈ) ਦੇ 41 ਮਾਮਲੇ ਪਾਏ ਗਏ ਸਨ, ਜਿਸ ਦੇ ਨਤੀਜੇ ਵਜੋਂ 95,000 ਰੁਪਏ ਦੀ ਰਕਮ ਵਸੂਲੀ ਗਈ। ਇੰਜਨੀਅਰ ਬਾਂਸਲ ਨੇ ਕਿਹਾ ਕਿ ਵਿਭਾਗ ਮਾਲੀਏ ਦੇ ਨੁਕਸਾਨ ਨੂੰ ਰੋਕਣ ਲਈ ਬਰਨਾਲਾ ਸਰਕਲ ਵਿੱਚ ਬਿਜਲੀ ਚੋਰੀ ਵਿਰੁੱਧ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਖ਼ਪਤਕਾਰਾਂ ਨੂੰ ਜੁਰਮਾਨੇ ਅਤੇ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਆਪਣੇ ਬਿਜਲੀ ਕੁਨੈਕਸ਼ਨ ਨਿਯਮਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਬਿਜਲੀ ਚੋਰੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।