ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹੋਮਗਾਰਡ ਦੇ ‘ਕਬਜ਼ੇ’ ਵਾਲੇ ਸਕੂਲ ਦਾ ਵਿਧਾਇਕਾ ਮਾਣੂੰਕੇ ਵੱਲੋਂ ਜਾਇਜ਼ਾ

07:38 AM Sep 12, 2024 IST
ਦੋਵੇਂ ਧਿਰਾਂ ਦੀ ਮੌਜੂਦਗੀ ’ਚ ਗੱਲਬਾਤ ਕਰਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ।

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 11 ਸਤੰਬਰ
ਇੱਥੋਂ ਦੇ ਸਰਕਾਰੀ ਬੇਸਿਕ ਪ੍ਰਾਇਮਰੀ ਸਕੂਲ ਦੇ ਕੁਝ ਕਮਰਿਆਂ ’ਤੇ ਪਿਛਲੇ ਅੱਠ ਕੁ ਸਾਲਾਂ ਤੋਂ ਹੋਮਗਾਰਡ ਦਾ ਕੀਤਾ ‘ਕਬਜ਼ਾ’ ਹੁਣ ਛੱਡਣ ਦੇ ਆਸਾਰ ਬਣੇ ਹਨ। ਵੱਖ-ਵੱਖ ਜਥੇਬੰਦੀਆਂ ਵੱਲੋਂ ਪਿਛਲੇ ਸਮੇਂ ’ਚ ਵਿੱਢੇ ਸੰਘਰਸ਼ ਅਤੇ ਮੀਡੀਆ ’ਚ ਇਹ ਮੁੱਦਾ ਪ੍ਰਮੁੱਖਤਾ ਨਾਲ ਉੱਠਣ ਮਗਰੋਂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਮੌਕਾ ਦੇਖਣ ਪਹੁੰਚੇ। ਉਨ੍ਹਾਂ ਬੇਸਿਕ ਸਕੂਲ ਦੇ ਕਮਰਿਆਂ ’ਚ ਬੈਠੇ ਹੋਮਗਾਰਡ ਮੁਲਾਜ਼ਮਾਂ ਨਾਲ ਗੱਲਬਾਤ ਵੀ ਕੀਤੀ। ਇਸ ਸਮੇਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੁਖਦੇਵ ਸਿੰਘ ਹਠੂਰ, ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਆਗੂ ਦਵਿੰਦਰ ਸਿੰਘ ਸਿੱਧੂ ਤੋਂ ਇਲਾਵਾ ਹੋਰ ਅਧਿਆਪਕ ਤੇ ਪਤਵੰਤੇ ਹਾਜ਼ਰ ਸਨ। ਵਿਧਾਇਕਾ ਮਾਣੂੰਕੇ ਨੇ ਜਿੱਥੇ ਮਸਲੇ ਦੇ ਜਲਦੀ ਹੱਲ ਦਾ ਭਰੋਸਾ ਦਿਵਾਇਆ, ਉੱਥੇ ਹੀ ਦੂਜੇ ਪਾਸੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨੇ ਅੱਜ ਜ਼ਿਲ੍ਹਿਆ ਸਿੱਖਿਆ ਅਫ਼ਸਰ ਨੂੰ ਇੱਕ ਪੱਤਰ (ਜੋ ਪੰਜਾਬੀ ਟ੍ਰਿਬਿਊਨ’ ਕੋਲ ਮੌਜੂਦ ਹੈ) ਲਿਖ ਕੇ ਇਹ ਕਬਜ਼ਾ ਛੁਡਾਉਣ ਦੀ ਅਪੀਲ ਕੀਤੀ ਹੈ। ਇਸ ’ਚ ਲਿਖਿਆ ਗਿਆ ਹੈ ਕਿ ਬੇਸਿਕ ਸਕੂਲ ਦੀ ਇਮਾਰਤ ਦੇ ਇਕ ਹਿੱਸੇ ’ਤੇ ਸਾਲ 2016 ਤੋਂ ਹੋਮ ਗਾਰਡ ਦਾ ਕਬਜ਼ਾ ਚੱਲ ਰਿਹਾ ਹੈ। ਇਸ ਬਾਰੇ ਪਹਿਲਾਂ ਵੀ ਪੱਤਰ ਨੰਬਰ 378 ਭੇਜਿਆ ਜਾ ਚੁੱਕਾ ਹੈ, ਪਰ ਅੱਜ ਤਕ ਇਹ ਕਬਜ਼ਾ ਨਹੀਂ ਹਟਿਆ ਹੈ। ਇਸ ਸਬੰਧੀ ਕੁਝ ਜਥੇਬੰਦੀਆਂ ਨੇ ਬੀਤੇ ਦਿਨ ਵੀ ਦਰਖ਼ਾਸਤਾਂ ਦਿੱਤੀਆਂ ਸਨ। ਅਗਲੇ ਦਿਨਾਂ ’ਚ ਇਨ੍ਹਾਂ ਜਥੇਬੰਦੀਆਂ ਦਾ ਇਸ ਮੁੱਦੇ ’ਤੇ ਧਰਨਾ ਦੇਣ ਦਾ ਪ੍ਰੋਗਰਾਮ ਹੈ। ਇਸ ਲਈ ਬਣਦੀ ਕਾਰਵਾਈ ਕਰ ਕੇ ਇਮਾਰਤ ਤੋਂ ਹੋਮਗਾਰਡ ਦਾ ਕਬਜ਼ਾ ਛੁਡਾ ਕੇ ਇਹ ਕਮਰੇ ਵਾਪਸ ਸਕੂਲ ਹਵਾਲੇ ਕੀਤੇ ਜਾਣ।
ਦੂਜੇ ਪਾਸੇ ਹੋਮਗਾਰਡ ਦੇ ਇੱਕ ਕਰਮਚਾਰੀ ਨੇ ਦੱਸਿਆ ਕਿ ਉੱਚ ਅਧਿਕਾਰੀ ਦੇ ਹੁਕਮਾਂ ’ਤੇ ਹੀ ਇਹ ਕਮਰੇ ਹੋਮਗਾਰਡ ਦਫ਼ਤਰ ਲਈ ਦਿੱਤੇ ਗਏ ਸਨ। ਇਸੇ ਲਈ ਇੰਨੇ ਸਾਲਾਂ ਤੋਂ ਹੋਮਗਾਰਡ ਦਾ ਦਫ਼ਤਰ ਇੱਥੇ ਚੱਲ ਰਿਹਾ ਹੈ। ਇਸ ਦੌਰਾਨ ਸਕੂਲ ਦੇ ਅਧਿਆਪਕਾਂ ਦਾ ਕਹਿਣਾ ਹੈ ਕਿ ਇਹ ਸਿੱਖਿਆ ਵਿਭਾਗ (ਡਾਇਟ) ਦੀ ਮਲਕੀਅਤ ਹੈ ਅਤੇ ਥਾਂ ਦੀ ਘਾਟ ਹੋਣ ਕਰਕੇ ਵਿਦਿਆਰਥੀਆਂ ਨੂੰ ਇਨ੍ਹਾਂ ਕਮਰਿਆਂ ਦੀ ਲੋੜ ਹੈ। ਉੱਧਰ, ਇਸ ਮੁੱਦੇ ’ਤੇ ਬਣੀ ਸੰਘਰਸ਼ ਕਮੇਟੀ ਨੇ ਅੱਜ ਮੀਟਿੰਗ ਕਰ ਕੇ ਹਲਕਾ ਵਿਧਾਇਕਾ ਦੇ ਮੌਕੇ ’ਤੇ ਜਾਣ ਦਾ ਫ਼ੈਸਲਾ ਕੀਤਾ ਪਰ ਉਨ੍ਹਾਂ ਨਾਲ ਹੀ ਕਿਹਾ ਕਿ ਮਸਲਾ ਹੱਲ ਨਾ ਹੋਣ ’ਤੇ ਧਰਨਾ ਦੇਣ ਦੇ ਉਲੀਕੇ ਪ੍ਰੋਗਰਾਮ ਨੂੰ ਅਮਲ ’ਚ ਲਿਆਂਦਾ ਜਾਵੇਗਾ।
ਇਸ ਦੌਰਾਨ ਸੰਘਰਸ਼ ਕਮੇਟੀ ਦੇ ਆਗੂ ਜੋਗਿੰਦਰ ਆਜ਼ਾਦ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਰਿਪੋਰਟ ਸਬ ਡਿਵੀਜ਼ਨਲ ਮੈਜਿਸਟਰੇਟ ਦੇ ਦਫ਼ਤਰ ਵਿੱਚ ਮੌਜੂਦ ਹੈ। ਕਨਵੀਨਰ ਅਵਤਾਰ ਸਿੰਘ ਨੇ ਕਿਹਾ ਕਿ ਮਸਲੇ ਨੂੰ ਭਟਕਾਉਣ ਦੀ ਕੋਸ਼ਿਸ਼ ਸਫ਼ਲ ਨਹੀਂ ਹੋਣ ਦਿੱਤੀ ਜਾਵੇਗੀ। ਬਲਦੇਵ ਸਿੰਘ ਰਸੂਲਪੁਰ ਨੇ ਕਿਹਾ ਕਿ ਸਰਕਾਰ ਨੂੰ ਵਿਦਿਆਰਥੀਆਂ ਦੇ ਹਿੱਤਾਂ ਨੂੰ ਪਹਿਲ ਦੇਣੀ ਚਾਹੀਦੀ ਹੈ। ਹੋਮ ਗਾਰਡ ਦਫ਼ਤਰ ਕਿਤੇ ਹੋਰ ਥਾਂ ਤਬਦੀਲ ਕੀਤਾ ਜਾਵੇ।

Advertisement

Advertisement