ਇਨਸਾਫ਼ ਮੰਚ ਨੇ ਮਾਲਵਿੰਦਰ ਸਿੰਘ ਮਾਲੀ ਦੀ ਰਿਹਾਈ ਮੰਗੀ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 28 ਅਕਤੂਬਰ
ਜ਼ੁਬਾਨਬੰਦੀ ਦੇ ਉਦੇਸ਼ ਅਧੀਨ ਕੇਂਦਰੀ ਜੇਲ੍ਹ ਪਟਿਆਲਾ ਵਿਚ ਨਜ਼ਰਬੰਦ ਲੇਖਕ, ਬੁੱਧੀਜੀਵੀ ਅਤੇ ਸਿਆਸੀ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਨੂੰ ਲੈ ਕੇ ਇਨਸਾਫ਼ ਮੰਚ ਪੰਜਾਬ ਦੇ ਦਰਜਨਾਂ ਵਰਕਰਾਂ ਨੇ ਆਪਣੇ ਮੂੰਹਾਂ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਸਥਾਨਕ ਡੀਸੀ ਦਫ਼ਤਰ ਅੱਗੇ ਰੋਸ ਪ੍ਰਗਟ ਕੀਤਾ। ਕਿਸਾਨ ਆਗੂਆਂ ਨੇ ਮਾਲੀ ਦੀ ਰਿਹਾਈ ਨੂੰ ਲੈ ਕੇ ਇਨਸਾਫ਼ ਮੰਚ ਦੀ ਮੰਗ ਦੀ ਹਮਾਇਤ ਕਰਦਿਆਂ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਨਿਖੇਧੀ ਕੀਤੀ। ਕਿਸਾਨਾਂ ਅਤੇ ਇਨਸਾਫ਼ ਮੰਚ ਦੇ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਇਨਸਾਫ਼ ਮੰਚ ਦੇ ਕਨਵੀਨਰ ਡਾ. ਮੁਹੰਮਦ ਇਰਸ਼ਾਦ ਨੇ ਕਿਹਾ ਕਿ ਪ੍ਰੈਸ ਅਤੇ ਵਿਚਾਰ ਵਟਾਂਦਰੇ ਦੀ ਆਜ਼ਾਦੀ ਹਰ ਸੱਭਿਅਕ ਸਮਾਜ ਦਾ ਹਮੇਸ਼ਾ ਹਿੱਸਾ ਰਹੀ ਹੈ। ਸਮੇਂ ਸਮੇਂ ’ਤੇ ਸੱਤਾ ’ਤੇ ਕਾਬਜ਼ ਹਾਕਮ ਧਿਰਾਂ ਗੱਲ ਭਾਵੇਂ ਲੋਕਤੰਤਰ ਅਤੇ ਮਾਨਵੀ ਹੱਕਾਂ ਦੀਆਂ ਕਰਦੀਆਂ ਹਨ ਪਰ ਇਨ੍ਹਾਂ ਦੇ ਰਾਜ ਭਾਗ ਦੌਰਾਨ ਵਿਰੋਧੀ ਸੁਰਾਂ ਨੂੰ ਹਰ ਹੀਲੇ ਦੱਬਣ ਦੇ ਉਪਰਾਲੇ ਵੀ ਹੁੰਦੇ ਰਹਿੰਦੇ ਹਨ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਨੇ ਕਿਸਾਨ ਮੰਗਾਂ ਦੀ ਚਰਚਾ ਕਰਦਿਆਂ ਕੇਂਦਰੀ ਅਤੇ ਰਾਜ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੀ ਨਿੰਦਾ ਕੀਤੀ ਅਤੇ ਨਾਲ ਹੀ ਮਾਲਵਿੰਦਰ ਸਿੰਘ ਮਾਲੀ ’ਤੇ ਦਰਜ ਪੁਲੀਸ ਕੇਸ ਨੂੰ ਰੱਦ ਕਰਨ ਅਤੇ ਰਿਹਾਅ ਕੀਤੇ ਜਾਣ ਦੀ ਵੀ ਮੰਗ ਕੀਤੀ। ਇਸ ਮੌਕੇ ਬੀਕੇਯੂ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਬੂਟਾ ਖਾਂ ਸੰਘੈਣ, ਇਨਸਾਫ਼ ਮੰਚ ਦੇ ਕਰਮ ਦੀਨ ਮਲਿਕ, ਕਿਸਾਨ ਆਗੂ ਨਿਰਮਲ ਸਿੰਘ ਅਲੀਪੁਰ, ਚਰਨਜੀਤ ਸਿੰਘ ਹਥਨ, ਮਜ਼ਦੂਰ ਆਗੂ ਮੇਜਰ ਸਿੰਘ ਹਥਨ ਨੇ ਵੀ ਸੰਬੋਧਨ ਕੀਤਾ।