ਇਨੈਲੋ ਆਗੂਆਂ ਵੱਲੋਂ ਪਰਿਵਰਤਨ ਯਾਤਰਾ ਲਈ ਲਾਮੰਬਦੀ
ਪੱਤਰ ਪ੍ਰੇਰਕ
ਨਰਾਇਣਗੜ੍ਹ, 13 ਅਗਸਤ
ਇੰਡੀਅਨ ਨੈਸ਼ਨਲ ਲੋਕ ਦਲ ਵੱਲੋਂ ਸ਼ੁਰੂ ਕੀਤੀ ਗਈ ਪਰਿਵਰਤਨ ਪਦ ਯਾਤਰਾ 26 ਅਗਸਤ ਨੂੰ ਅੰਬਾਲਾ ਪਹੁੰਚੇਗੀ, ਜਿਸ ਦੀ ਤਿਆਰੀ ਲਈ ਕੌਮੀ ਮੀਤ ਪ੍ਰਧਾਨ ਪ੍ਰਕਾਸ਼ ਭਾਰਤੀ ਅਤੇ ਇਨੈਲੋ ਦੀ ਜ਼ਿਲ੍ਹਾ ਇਕਾਈ ਦੇ ਅਹੁਦੇਦਾਰਾਂ ਨੇ ਹਲਕਾ ਨਰਾਇਣਗੜ੍ਹ ਦੇ ਪਿੰਡਾਂ ਦਾ ਦੌਰਾ ਕੀਤਾ ਅਤੇ ਵਰਕਰਾਂ ਨੂੰ ਡਿਊਟੀਆਂ ਸੌਂਪੀਆਂ। ਪ੍ਰਕਾਸ਼ ਭਾਰਤੀ ਨੇ ਦੱਸਿਆ ਕਿ ਹਰਿਆਣਾ ਵਿੱਚ ਬਦਲਾਅ ਦੀ ਲਹਿਰ ਸ਼ੁਰੂ ਹੋ ਗਈ ਹੈ, ਆਉਣ ਵਾਲਾ ਸਮਾਂ ਇਨੈਲੋ ਦਾ ਹੈ। ਇਸ ਵਾਰ ਸੂਬੇ ਵਿੱਚ ਇਨੈਲੋ ਦੀ ਸਰਕਾਰ ਬਣੇਗੀ।
ਉਨ੍ਹਾਂ ਦੱਸਿਆ ਕਿ ਜਨਤਾ ਇਸ ਗੱਠਜੋੜ ਸਰਕਾਰ ਤੋਂ ਤੰਗ ਆ ਚੁੱਕੀ ਹੈ। ਸੂਬੇ ਵਿੱਚ ਹਫੜਾ-ਦਫੜੀ ਦਾ ਮਾਹੌਲ ਹੈ ਤੇ ਮਹਿੰਗਾਈ ਦਿਨੋਂ ਦਿਨ ਵਧ ਰਹੀ ਹੈ। ਉਨ੍ਹਾਂ ਦੱਸਿਆ ਕਿ 26 ਅਗਸਤ ਨੂੰ ਪਰਿਵਰਤਨ ਯਾਤਰਾ ਪਿੰਡ ਗਡੋਲੀ, ਅੰਬਲੀ, ਬੇਰਖੇੜੀ, ਮਿਰਜ਼ਾਪੁਰ, ਲਖਨੌਰਾ ਅੱਡਾ, ਲਖਨੌਰਾ, ਪਿੰਡ ਹੱਡਬੋਨ, ਨਗਾਵਾ, ਪੰਜਲਾਸਾ ਤੋਂ ਹੁੰਦੀ ਹੋਈ ਨਰਾਇਣਗੜ੍ਹ ਪਹੁੰਚੇਗੀ ਅਤੇ ਰਾਤ ਦਾ ਠਹਿਰਾਅ ਨਰਾਇਣਗੜ੍ਹ ਸ਼ਹਿਰ ਵਿੱਚ ਹੋਵੇਗਾ। ਇਸ ਦੌਰਾਨ ਇਨੈਲੋ ਆਗੂਆਂ ਨੇ ਵਰਕਰਾਂ ਤੇ ਲੋਕਾਂ ਨੂੰ ਇਸ ਯਾਤਰਾ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ। ਆਗੂਆਂ ਨੇ ਕਿਹਾ ਕਿ ਇਸ ਵਾਰ ਸੂਬੇ ਵਿੱਚ ਇਨੈਲੋ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਿਕ ਲੋਕ ਖੱਟਰ ਸਰਕਾਰ ਤੋਂ ਦੁਖੀ ਹੋ ਗਏ ਹਨ ਤੇ ਆਉਣ ਵਾਲੀਆਂ ਚੋਣਾਂ ਵਿੱਚ ਹੁਣ ਇਨੈਲੋ ਨੂੰ ਜਿੱਤ ਦਿਵਾਉਣਗੇ।
ਇਸ ਮੌਕੇ ਸੂਬਾ ਕਾਰਜਕਾਰਨੀ ਮੈਂਬਰ ਜਗਮਾਲ ਸਿੰਘ ਰੋਲੋਂ, ਹਲਕਾ ਪ੍ਰਧਾਨ ਅਵਤਾਰ ਸਿੰਘ ਸ਼ੇਰਗਿੱਲ, ਭੂਪ ਸਿੰਘ ਗੁਰਜਰ, ਮੋਹਿਤ, ਸਾਹਿਲ, ਸੁਮਿਤ, ਵਿਜੇ, ਮਨਜਿੰਦਰ, ਦਵਿੰਦਰ ਅਤੇ ਹੋਰ ਵਰਕਰ ਹਾਜ਼ਰ ਸਨ।