ਇਨੈਲੋ ਗੱਠਜੋੜ 40 ਸੀਟਾਂ ’ਤੇ ਜਿੱਤੇਗਾ: ਅਭੈ ਚੌਟਾਲਾ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 14 ਸਤੰਬਰ
ਇਨੈਲੋ ਦੇ ਕੌਮੀ ਜਨਰਲ ਸਕੱਤਰ ਅਭੈ ਸਿੰਘ ਚੌਟਾਲਾ ਨੇ ਕਿਹਾ ਹੈ ਕਿ ਚੋਣ ਪ੍ਰਚਾਰ ਦੇ ਸ਼ੁਰੂਆਤੀ ਦੌਰ ਵਿੱਚ ਇਨੈਲੋ ਅਤੇ ਉਸਦੇ ਸਹਿਯੋਗੀ ਦਲ 15 ਤੋਂ 20 ਵਿਧਾਨ ਸਭਾ ਸੀਟਾਂ ਜਿੱਤ ਰਹੇ ਹਨ। ਉਨ੍ਹਾਂ ਕਿਹਾ ਕਿ 25 ਸਤੰਬਰ ਨੂੰ ਯੁੱਗ ਪੁਰਸ਼ ਦੇਵੀ ਲਾਲ ਦੇ ਜਨਮ ਦਿਵਸ ਸਮਾਗਮ ਉਪਰੰਤ ਇਨੈਲੋ-ਬਸਪਾ-ਸ਼੍ਰੋਮਣੀ ਅਕਾਲੀ ਦਲ ਅਤੇ ਗੋਪਾਲ ਕਾਂਡਾ ਆਧਾਰਤ ਗੱਠਜੋੜ 40 ਸੀਟਾਂ ’ਤੇ ਜਿੱਤ ਦਰਜ ਕਰਨ ਵੱਲ ਵਧੇਗਾ। ਉਨ੍ਹਾਂ ਤ੍ਰਿਸ਼ੰਕੂ ਸਰਕਾਰ ਬਣਨ ਦੇ ਆਸਾਰ ਵੀ ਜਤਾਏ। ਉਹ ਡੱਬਵਾਲੀ ਵਿੱਚ ਸੀਨੀਅਰ ਇਨੈਲੋ ਆਗੂ ਸੰਦੀਪ ਚੌਧਰੀ ਦੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਡੱਬਵਾਲੀ ’ਚ ਇਨੈਲੋ ਉਮੀਦਵਾਰ ਆਦਿੱਤਿਆ ਦੇਵੀ ਲਾਲ ਦੇ ਪੱਖ ਵਿੱਚ ਚੋਣ ਪ੍ਰਚਾਰ ਵੀ ਕੀਤਾ। ਸ੍ਰੀ ਚੌਟਾਲਾ ਨੇ ਕਿਹਾ ਕਿ ਉਨ੍ਹਾਂ ਦੀਆਂ ਚਾਰ ਪਾਰਟੀਆਂ ਦੇ ਗੱਠਜੋੜ ਵੱਲੋਂ ਕਾਂਗਰਸ ਤੇ ਭਾਜਪਾ ਨੂੰ ਸੱਤਾ ਤੋਂ ਦੂਰ ਰੱਖਣ ਲਈ ਕਾਂਗਰਸ ਤੇ ਭਾਜਪਾ ਨੂੰ ਹਰਾਉਣ ਵਾਲੇ ਮਜ਼ਬੂਤ ਆਜ਼ਾਦ ਉਮੀਦਵਾਰਾਂ ਪ੍ਰਤੀ ਸਰਵੇ ਕਰਵਾਇਆ ਜਾ ਰਿਹਾ ਹੈ। ਇਨੈਲੋ ਆਗੂ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ’ਤੇ ਭਾਜਪਾ ਦੇ ਹੱਥਾਂ ’ਚ ਖੇਡਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਹੁੱਡਾ ਨੇ ਅਵਿਸ਼ਵਾਸ ਮਤਾ ਲਿਆ ਕੇ ਭਾਜਪਾ ਸਰਕਾਰ ਨੂੰ ਬਚਾਉਣ ਦਾ ਕਾਰਜ ਕੀਤਾ ਸੀ। ਉਨ੍ਹਾਂ ਸਾਬਕਾ ਮੁੱਖ ਮੰਤਰੀ ਨੂੰ ਵਾਦ-ਵਿਵਾਦ ਦੀ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਉਹ (ਅਭੈ) ਹੁੱਡਾ ਦੀ ਭਾਜਪਾ ਨਾਲ ਮਿਲੀਭੁਗਤ ਨੂੰ ਸਾਬਤ ਨਹੀਂ ਕਰ ਸਕੇ ਤਾਂ ਉਹ ਹੁੱਡਾ ਨੂੰ ‘ਗੁਰੂ’ ਕਬੂਲ ਕਰ ਕੇ ਰਾਜਨੀਤੀ ਛੱਡ ਦੇਣਗੇ। ਅਭੈ ਸਿੰਘ ਨੇ ਰਾਣੀਆਂ ਤੇ ਡੱਬਵਾਲੀ ਸੀਟਾਂ ’ਤੇ ਚੌਧਰੀ ਰਣਜੀਤ ਸਿੰਘ ਅਤੇ ਜਜਪਾ ਸਮਝੌਤੇ ਬਾਰੇ ਕਿਹਾ ਕਿ ਇਸ ਸਮਝੌਤੇ ਦਾ ਕੋਈ ਜਨਾਧਾਰ ਨਹੀਂ ਹੈ। ਇਨੈਲੋ ਜਨਰਲ ਸਕੱਤਰ ਨੇ ਦਾਅਵਾ ਕੀਤਾ ਕਿ ਡੱਬਵਾਲੀ ਤੋਂ ਕਾਂਗਰਸ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋਵੇਗੀ। ਸ੍ਰੀ ਚੌਟਾਲਾ ਨੇ ਕਾਂਗਰਸ ਦੇ ਸੱਤਾ ਦੇ ਨਜ਼ਦੀਕ ਦਾਅਵਿਆਂ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਕਾਂਗਰਸ ਦੇ ਵੱਡੇ ਆਗੂਆਂ ਦੇ ਵਿੱਚ ਆਪਸੀ ਵਿਵਾਦ ਹਨ।
ਨਾਮਧਾਰੀ ਭਾਈਚਾਰੇ ਦੇ ਮੁਖੀ ਅਤੇ ਇਨੈਲੋ ਅਭੈ ਚੌਟਾਲਾ ਦੀ ਮੀਟਿੰਗ
ਇਨੈਲੋ ਦੇ ਸੀਨੀਅਰ ਆਗੂ ਸੰਦੀਪ ਚੌਧਰੀ ਦੀ ਰਿਹਾਇਸ਼ ’ਤੇ ਨਾਮਧਾਰੀ ਭਾਈਚਾਰੇ ਦੇ ਮੁਖੀ ਸਤਿਗੁਰੂ ਉਦੈ ਸਿੰਘ ਅਤੇ ਇਨੈਲੋ ਦੇ ਜਨਰਲ ਸਕੱਤਰ ਅਭੈ ਚੌਟਾਲਾ ਦੀ ਅਹਿਮ ਮੁਲਾਕਾਤ ਹੋਈ। ਇਸ ਮੌਕੇ ਦੋਵੇਂ ਵਿਚਕਾਰ ਕੁੱਝ ਸਮਾਂ ਬੰਦ ਕਮਰਾ ਮੀਟਿੰਗ ਵੀ ਚੱਲੀ। ਸਤਿਗੁਰੂ ਉਦੈ ਸਿੰਘ ਅੱਜ ਮਲੋਟ ਖੇਤਰ ਵਿੱਚ ਧਾਰਮਿਕ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਡੱਬਵਾਲੀ ਪੁੱਜੇ ਸਨ।
‘ਇਹ ਤਾਂ ਚਿੱਟਾ ਮੰਗਣ ਵਾਲੇ ਦੀ ਮੰਗ ਵੀ ਪੂਰੀ ਕਰ ਸਕਦੇ ਨੇ’
ਅਭੈ ਚੌਟਾਲਾ ਨੇ ਭਰਾ-ਭਤੀਜੇ ਦੀ ਪਾਰਟੀ ਨੂੰ ਘੇਰਦਿਆਂ ਕਿਹਾ ਕਿ ਰੋਟੀ ਖੁਆਉਣ, ਸ਼ੇਵਿੰਗ ਕਿੱਟਾਂ ਵੰਡਣ, ਦੋ-ਢਾਈ ਹਜ਼ਾਰ ਦਾ ਚੈੱਕ ਕੱਟਣ ਅਤੇ ਸ਼ਰਾਬ ਵੰਡਣ ਨਾਲ ਚੋਣ ਨਹੀਂ ਜਿੱਤੇ ਜਾ ਸਕਦੇ। ਉਨ੍ਹਾਂ ਤਨਜ਼ ਕਸਦਿਆਂ ਕਿਹਾ ਕਿ ਜੇਕਰ ਚਿੱਟਾ ਪੀਣ ਵਾਲਾ ਕੋਈ ਵਿਅਕਤੀ ਇਨ੍ਹਾਂ ਦੇ ਦਫ਼ਤਰ ਦੇ ਮੂਹਰੇ ਜਾ ਕੇ ਚਿੱਟਾ ਮੰਗਣ ਲੱਗੇ ਤਾਂ ਇਹ ਲੋਕ ਉਸਦੀ ਮੰਗ ਵੀ ਪੂਰੀ ਕਰ ਸਕਦੇ ਹਨ।