ਇਨੈਲੋ ਨੇ ਦਹਾਕੇ ਮਗਰੋਂ ਸਿਆਸੀ ਰਾਜਧਾਨੀ ਡੱਬਵਾਲੀ ਜਿੱਤੀ
ਇਕਬਾਲ ਸਿੰਘ ਸਾਂਤ
ਡੱਬਵਾਲੀ, 8 ਅਕਤੂਬਰ
ਚੌਟਾਲਾ ਖਾਨਦਾਨ ਦੇ ਨਵੀਂ ਪੀੜ੍ਹੀ ਦੇ ਤਿੰਨ ਉਮੀਦਵਾਰਾਂ ਵਿੱਚ ਬੇਹੱਦ ਫਸਵੇਂ ਮੁਕਾਬਲੇ ’ਚ ਇਨੈਲੋ ਨੇ ਆਪਣੀ ਜੱਦੀ ਸੀਟ ਡੱਬਵਾਲੀ ਨੂੰ ਜਿੱਤ ਲਿਆ। ਸਾਬਕਾ ਉਪ ਪ੍ਰਧਾਨ ਮੰਤਰੀ ਤਾਊ ਦੇਵੀ ਲਾਲ ਦੇ ਪੋਤਰੇ ਅਤੇ ਇਨੈਲੋ-ਬਸਪਾ ਉਮੀਦਵਾਰ ਆਦਿੱਤਿਆ ਚੌਟਾਲਾ ਕਾਂਗਰਸ ਦੇ ਅਮਿਤ ਸਿਹਾਗ ਨੂੰ 610 ਵੋਟਾਂ ਦੇ ਫਰਕ ਨਾਲ ਹਰਾ ਕੇ ਵਿਧਾਇਕ ਚੁਣੇ ਗਏ।
ਇਨੈਲੋ ਨੇ ਦਹਾਕੇ ਮਗਰੋਂ ਆਪਣੀ ਸਿਆਸੀ ਰਾਜਧਾਨੀ ਅਖਵਾਉਂਦੀ ਡੱਬਵਾਲੀ ’ਤੇ ਸਿਆਸੀ ਝੰਡਾ ਲਹਿਰਾਇਆ ਹੈ। ਮਹਿਜ਼ 610 ਵੋਟਾਂ ਦੇ ਫਰਕ ਨਾਲ ਜਿੱਤ ਤੋਂ ਖੁੰਝੇ ਅਮਿਤ ਸਿਹਾਗ ਡੱਬਵਾਲੀ ਤੋਂ 2019 ਤੋਂ ਵਿਧਾਇਕ ਸਨ। ਜਾਣਕਾਰੀ ਅਨੁਸਾਰ ਆਦਿੱਤਿਆ ਦੇਵੀਲਾਲ ਨੂੰ 56074 ਵੋਟਾਂ, ਜਦੋਂਕਿ ਅਮਿਤ ਸਿਹਾਗ ਨੂੰ 55464 ਵੋਟਾਂ ਪਈਆਂ ਹਨ। ਜਜਪਾ ਦੇ ਉਮੀਦਵਾਰ ਦਿਗਵਿਜੈ ਚੌਟਾਲਾ ਨੂੰ 35261 ਵੋਟਾਂ ਮਿਲੀਆਂ।
ਜ਼ਿਕਰਯੋਗ ਹੈ ਕਿ ਜੇਤੂ ਆਦਿੱਤਿਆ ਦੇਵੀਲਾਲ ਨੇ ਭਾਜਪਾ ਵਿੱਚ ਬਿਤਾਏ 10 ਵਰ੍ਹਿਆਂ ਦੌਰਾਨ ਪੇਂਡੂ ਖੇਤਰਾਂ ਵਿੱਚ ਵਿਸ਼ਾਲ ਨਿੱਜੀ ਵੋਟ ਬੈਂਕ ਖੜ੍ਹਾ ਕੀਤਾ ਜਿਸ ਦੇ ਮੂਹਰੇ ਚੋਣ ’ਚ ਖੁਦ ਭਾਜਪਾ ਵੀ ਸਿਰਫ਼ 7139 ਵੋਟਾਂ ’ਤੇ ਸਿਮਟ ਗਈ। ਦੱਸਿਆ ਜਾਂਦਾ ਹੈ ਕਿ ਹਲਕੇ ’ਚ ਡੇਰਾਵਾਦ ਦਾ ਵੱਡਾ ਪ੍ਰਭਾਵ ਦੇਖਣ ਨੂੰ ਮਿਲਿਆ। ਡੇਰਾ ਪੈਰੋਕਾਰਾਂ ਦੇ ਕਰੀਬ 10 ਹਜ਼ਾਰ ਵੋਟ ਆਦਿੱਤਿਆ ਲਈ ‘ਰਾਮਬਾਣ’ ਬਣੇ। ਦੂਜੇ ਪਾਸੇ ਵਿਧਾਇਕ ਅਮਿਤ ਸਿਹਾਗ ਨੂੰ ਪੰਜਾਬੀ ਬੇਲਟ ਦੇ ਪਿੰਡਾਂ ਤੋਂ ਵੀ ਵੱਡੀ ਲੀਡ ਨਹੀਂ ਮਿਲ ਸਕੀ। ਉਨ੍ਹਾਂ ਨੂੰ ਡੱਬਵਾਲੀ ਸ਼ਹਿਰ ਦੇ 39 ਬੂਥਾਂ ਤੋਂ ਕਰੀਬ 7500 ਵੋਟਾਂ ਦੀ ਲੀਡ ਨੇ 13ਵੇਂ ਗੇੜ ਤੱਕ ਸਹਾਰਾ ਦਿੱਤਾ। ਵੱਕਾਰੀ ਸੀਟ ’ਤੇ ਭਾਜਪਾ ਅਤੇ ਆਮ ਆਦਮੀ ਪਾਰਟੀ ਆਪਣਾ ਬਹੁਤਾ ਵਜੂਦ ਵਿਖਾਉਣ ’ਚ ਅਸਫ਼ਲ ਰਹੇ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਰੋਡ ਸ਼ੋਅ ਵੀ ਡੱਬਵਾਲੀ ’ਚ ਆਪਣਾ ਕੋਈ ਕ੍ਰਿਸ਼ਮਾ ਨਹੀਂ ਵਿਖਾ ਸਕਿਆ। ਭਾਜਪਾ ਦੇ ਬਲਦੇਵ ਸਿੰਘ ਮਾਂਗੇਆਣਾ ਨੂੰ 7139 ਵੋਟਾਂ ਅਤੇ ‘ਆਪ’ ਦੇ ਕੁਲਦੀਪ ਸਿੰਘ ਗਦਰਾਣਾ ਨੂੰ 6606 ਵੋਟ ਮਿਲੇ। ਇਸ ਤੋਂ ਇਲਾਵਾ ਆਜ਼ਾਦ ਉਮੀਦਵਾਰ ਰਾਜੇਸ਼ ਕੁਮਾਰ ਨੂੰ 480 ਅਤੇ ਖੇਮ ਚੰਦ ਨੂੰ 282 ਵੋਟਾਂ ਪਈਆਂ ਹਨ।
ਇਨੈਲੋ ਦੀ ਜਿੱਤ ’ਚ ਬਾਗੜੀ ਪੱਟੀ ਦੀ ਵੱਡੀ ਭੂਮਿਕਾ
ਇਨੈਲੋ ਨੂੰ ਆਪਣਾ ਗੜ੍ਹ ਵਾਪਸ ਦਿਵਾਉਣ ’ਚ ਬਾਗੜੀ ਬੈਲਟ (ਚੌਟਾਲਾ ਖੇਤਰ) ਦੇ ਪਿੰਡਾਂ ਨੇ ਵੱਡੀ ਭੂਮਿਕਾ ਨਿਭਾਈ। 13ਵੇਂ ਗੇੜ ਤੱਕ ਅਮਿਤ ਦੀ ਲੀਡ ਰਹੀ। ਆਖ਼ਰੀ ਤਿੰਨ ਗੇੜਾਂ ਵਿੱਚ ਇਨੈਲੋ ਨੂੰ ਮਿਲੀ ਬੜ੍ਹਤ ਨੇ ਪਾਸਾ ਪਲਟ ਦਿੱਤਾ। ਕਾਂਗਰਸ ਵੋਟ ਬੈਂਕ ਵਾਲੇ ਡੱਬਵਾਲੀ ਸ਼ਹਿਰ ਦੀ ਤੁਲਨਾ ’ਚ ਪਿੰਡਾਂ ਵਿੱਚ ਵੱਧ ਵੋਟ ਫ਼ੀਸਦ ਵੀ ਆਦਿੱਤਿਆ ਲਈ ਲਾਹੇਵੰਦ ਰਿਹਾ।